Trouble to patients : ਭਾਵੇਂ ਪੰਜਾਬ ਸਰਕਾਰ ਵਲੋਂ ਹਸਪਤਾਲਾਂ ਵਿਚ ਸਿਹਤ ਸਹੂਲਤਾਂ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਰਹੇ ਹਨ ਪਰ ਇਹ ਸਾਰੇ ਦਾਅਵੇ ਖੋਖਲੇ ਸਾਬਤ ਹੋ ਰਹੇ ਹਨ। ਇਸ ਦਾ ਖੁਲਾਸਾ ਸਿਵਲ ਹਸਪਤਾਲ ਫਿਰੋਜ਼ਪੁਰ ‘ਚ ਦਾਖਲ ਮਰੀਜ਼ਾਂ ਵਲੋਂ ਕੀਤਾ ਗਿਆ ਜਿਨ੍ਹਾਂ ਦੱਸਿਆ ਕਿ ਇਥੇ ਮਰੀਜ਼ਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਸਿਹਤ ਸਹੂਲਤ ਉਪਲਬਧ ਨਹੀਂ ਹੈ ਜਿਸ ਕਾਰਨ ਉਹ ਠੀਕ ਹੋਣ ਦੀ ਬਜਾਏ ਹੋਰ ਬੀਮਾਰ ਹੋ ਰਹੇ ਹਨ। ਮਰੀਜ਼ਾਂ ਨੇ ਆਪਣੀਆਂ ਮੁਸ਼ਕਲਾਂ ਦੱਸਦੇ ਹੋਏ ਕਿਹਾ ਕਿ ਇਥੇ ਫਰਿੱਜਾਂ ਦੇ ਪਾਣੀ ਦੀ ਨਿਕਾਸੀ ਦਾ ਵੀ ਕੋਈ ਪ੍ਰਬੰਧ ਨਹੀਂ ਹੈ, ਜਿਸ ਕਾਰਨ ਮਰੀਜ਼ ਕਾਫੀ ਪ੍ਰੇਸ਼ਾਨ ਹਨ। ਸਿਵਲ ਹਸਪਤਾਲ ਵਿਚ ਪਾਣੀ ਦੀ ਸਪਲਾਈ ਬਿਲਕੁਲ ਬੰਦ ਹੈ ਜਿਸ ਕਾਰਨ ਮਰੀਜ਼ਾਂ ਨੂੰ ਨਹਾਉਣ ਦੇ ਨਾਲ-ਨਾਲ ਫ੍ਰੈਸ਼ ਹੋਣ ਵਿਚ ਵੀ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਇਸ ਨਾਲ ਪੂਰੇ ਹਸਪਤਾਲ ‘ਚ ਬਦਬੂ ਫੈਲੀ ਹੋਈ ਹੈ ਤੇ ਇਥੇ ਸੀਵਰੇਜ ਸਿਸਟਮ ਵੀ ਬਿਲਕੁਲ ਖਰਾਬ ਹੈ।
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਸਿਵਲ ਹਸਪਤਾਲ ਫਿਰੋਜ਼ਪੁਰ ਵਿਚ ਦਵਾਈਆਂ ਦੀ ਵੀ ਲੋੜੀਂਦੀ ਉਪਲਬਧੀ ਨਹੀਂ ਹੈ। ਇਥੇ ਮਰੀਜ਼ਾਂ ਨੂੰ ਵਿਟਾਮਿਨ ਸੀ ਤਕ ਦੀਆਂ ਗੋਲੀਆਂ ਵੀ ਬਾਹਰੋਂ ਖਰੀਦਣੀਆਂ ਪੈ ਰਹੀਆਂ ਹਨ ਤੇ ਹਸਪਤਾਲ ਵਿਚ ਇਸਦਾ ਵੀ ਕੋਈ ਪ੍ਰਬੰਧ ਨਹੀਂ ਹੈ। ਇਸੇ ਕਰਕੇ ਸਿਵਲ ਹਸਪਤਾਲ ਫਿਰੋਜ਼ਪੁਰ ਦੇ ਮਰੀਜ਼ਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਮਰੀਜ਼ਾਂ ਦੀਆਂ ਮੰਗਾਂ ਨੂੰ ਧਿਆਨ ਵਿਚ ਰੱਖਦੇ ਹੋਏ ਇਥੇ ਸੀਵੇਰਜ ਦੇ ਪੁਖਤਾ ਇੰਤਜ਼ਾਮ ਕੀਤੇ ਜਾਣ ਤੇ ਨਾਲ ਹੀ ਦਵਾਈਆਂ ਦਾ ਵੀ ਪ੍ਰਬੰਧ ਕੀਤਾ ਜਾਵੇ ਤਾਂ ਜੋ ਮਰੀਜ਼ ਦੀ ਪ੍ਰੇਸ਼ਾਨੀ ਕੁਝ ਘੱਟ ਹੋ ਸਕੇ।