ਪੰਜਾਬ ਦੀਆਂ 2 ਔਰਤਾਂ ਸੁਨਹਿਰੀ ਭਵਿੱਖ ਦੀ ਤਲਾਸ਼ ‘ਚ ਅਰਬ ਦੇਸ਼ਾਂ ‘ਚ ਗਈਆਂ ਅਤੇ ਫਰਜ਼ੀ ਟਰੈਵਲ ਏਜੰਟਾਂ ਦੇ ਹੱਥੋਂ ਠੱਗੀ ਦਾ ਸ਼ਿਕਾਰ ਹੋਈਆਂ। ਔਰਤਾਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਦੇ ਯਤਨਾਂ ਸਦਕਾ ਆਪਣੇ ਵਤਨ ਪਰਤ ਆਈਆਂ ਹਨ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਇਨ੍ਹਾਂ ਦੋਵਾਂ ਬੀਬੀਆਂ ਨੂੰ ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ ’ਤੇ ਲੈਣ ਲਈ ਪੁੱਜੇ ਹੋਏ ਸਨ। ਮਸਕਟ ਤੋਂ ਵਾਪਸ ਆਈਆਂ ਔਰਤਾਂ ਨੇ ਦੱਸਿਆ ਕਿ ਅਜੇ ਵੀ ਕਈ ਲੜਕੀਆਂ ਉੱਥੇ ਫਸੀਆਂ ਹੋਈਆਂ ਹਨ।
ਰਾਜ ਸਭਾ ਮੈਂਬਰ ਸੰਤ ਸੀਚੇਵਾਲ ਨੇ ਦਿੱਲੀ ਸਥਿਤ ਆਪਣੀ ਰਿਹਾਇਸ਼ ’ਤੇ ਦੋਵਾਂ ਔਰਤਾਂ ਦੇ ਪਰਿਵਾਰਾਂ ਨਾਲ ਗੱਲਬਾਤ ਕੀਤੀ ਅਤੇ ਟਰੈਵਲ ਏਜੰਟਾਂ ਖ਼ਿਲਾਫ਼ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਅਤੇ ਕਿਹਾ ਕਿ ਉਹ ਵਿਦੇਸ਼ ਜਾਣ ’ਤੇ ਖਰਚ ਕੀਤੇ ਪੈਸੇ ਵਾਪਸ ਕਰਵਾਉਣ ਦੀ ਕੋਸ਼ਿਸ਼ ਕਰਨਗੇ। ਉਨ੍ਹਾਂ ਨੇ ਵਿਦੇਸ਼ ਮੰਤਰੀ ਜੈਸ਼ੰਕਰ ਦਾ ਵੀ ਧੰਨਵਾਦ ਕੀਤਾ, ਜੋ ਵਿਦੇਸ਼ਾਂ ਵਿੱਚ ਫਸੇ ਭਾਰਤੀਆਂ ਨੂੰ ਕੱਢਣ ਵਿੱਚ ਉਨ੍ਹਾਂ ਨੂੰ ਪੂਰਾ ਸਹਿਯੋਗ ਦੇ ਰਹੇ ਹਨ।
ਕਪੂਰਥਲਾ ਦੇ ਪਿੰਡ ਸੰਧੂ ਚੱਠਾ ਦੀ ਰਹਿਣ ਵਾਲੀ ਸੁਨੀਤਾ ਤਿੰਨ ਮਹੀਨੇ ਪਹਿਲਾਂ ਮਸਕਟ ਗਈ ਸੀ। ਸੁਨੀਤਾ ਨੇ ਦੱਸਿਆ ਕਿ ਉਸ ਦੀ ਮਾਸੀ ਨੇ ਉਸ ਨੂੰ ਫਸਾਇਆ ਸੀ। ਮਸਕਟ ਗਈ ਤਾਂ ਉਸਦੀ ਮਾਸੀ ਨੇ ਫੋਨ ਕਰਕੇ ਕਿਹਾ ਕਿ ਉਹ ਬਿਮਾਰ ਹੋ ਗਈ ਹੈ ਅਤੇ ਇਲਾਜ ਲਈ ਭਾਰਤ ਆਉਣਾ ਚਾਹੁੰਦੀ ਹੈ। ਜੇਕਰ ਉਹ ਉਸ ਦੀ ਥਾਂ ਘਰ ਦੇ ਕੰਮ ਕਰਦੀ ਹੈ, ਤਾਂ ਉਸ ਨੂੰ ਮੋਟੀ ਤਨਖਾਹ ਵੀ ਮਿਲੇਗੀ। ਸੁਨੀਤਾ 9 ਮਈ ਨੂੰ ਦਿੱਲੀ ਤੋਂ ਮਸਕਟ ਗਈ ਸੀ। ਉਥੇ ਜਾ ਕੇ ਉਸ ਨੂੰ ਆਪਣੀ ਮਾਸੀ ਕੋਲ ਲਿਜਾਣ ਦੀ ਬਜਾਏ ਸ਼ਰੀਫਾਨ ਨਾਂ ਦੀ ਕਿਸੇ ਹੋਰ ਔਰਤ ਕੋਲ ਭੇਜ ਦਿੱਤਾ। ਜਿੱਥੇ ਉਸ ਦਾ ਪਾਸਪੋਰਟ ਵੀ ਖੋਹ ਲਿਆ ਗਿਆ।
ਸੁਨੀਤਾ ਨੇ ਦੱਸਿਆ ਕਿ ਉਸ ਕੋਲ ਸਿਰਫ਼ ਇੱਕ ਮਹੀਨੇ ਦਾ ਟੂਰਿਸਟ ਵੀਜ਼ਾ ਸੀ। ਫਤਿਹਗੜ੍ਹ ਸਾਹਿਬ ਦੀ ਇਕ ਹੋਰ ਔਰਤ ਵੀ ਸੁਨੀਤਾ ਨਾਲ ਵਾਪਸ ਪਰਤੀ। ਯਾਦਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਜਸਲੀਨ ਕੌਰ 14 ਮਈ ਨੂੰ ਮਸਕਟ ਗਈ ਹੋਈ ਸੀ। ਉਸਦੇ ਰਿਸ਼ਤੇਦਾਰ ਦੀ ਇੱਕ ਲੜਕੀ ਨੇ ਉਸਨੂੰ ਦੱਸਿਆ ਕਿ ਉਹ ਮਸਕਟ ਵਿੱਚ ਘਰਾਂ ਵਿੱਚ ਕੰਮ ਕਰਦੀ ਹੈ ਅਤੇ 35,000 ਰੁਪਏ ਕਮਾਉਂਦੀ ਹੈ। ਜਿਵੇਂ ਹੀ ਉਹ ਮਸਕਟ ਪਹੁੰਚੇ ਟਰੈਵਲ ਏਜੰਟ ਉਨ੍ਹਾਂ ਨੂੰ ਆਪਣੇ ਜਾਲ ਵਿੱਚ ਫਸਾ ਲਿਆ।
ਇਹ ਵੀ ਪੜ੍ਹੋ : ਦਿੱਲੀ AIIMS ਦੇ ਡਾਕਟਰਾਂ ਦਾ ਕਮਾਲ! ਛਾਤੀ-ਪੇਟ ਨਾਲ ਜੁੜੀਆਂ ਜੁੜਵਾਂ ਭੈਣਾਂ ਨੂੰ ਦਿੱਤੀ ਨਵੀਂ ਜ਼ਿੰਦਗੀ
ਟਰੈਵਲ ਏਜੰਟ ਜਸਲੀਨ ਕੌਰ ਨੂੰ ਟਰੇਨਿੰਗ ਦੇ ਬਹਾਨੇ ਕਿਸੇ ਹੋਰ ਦਫ਼ਤਰ ਵਿੱਚ ਲੈ ਗਿਆ, ਜਿੱਥੇ ਉਸ ਨੂੰ ਇੱਕ ਕਮਰੇ ਵਿੱਚ ਬੰਦ ਕਰਕੇ ਸ਼ੀਆ ਨਾਂ ਦੀ ਔਰਤ ਨਾਲ ਕੁੱਟਮਾਰ ਕੀਤੀ। ਇਹ ਔਰਤ ਧਮਕੀਆਂ ਦਿੰਦੀ ਸੀ ਕਿ ਜੇਕਰ ਉਸ ਨੂੰ ਭਾਰਤ ਤੋਂ ਪੈਸੇ ਨਾ ਮਿਲੇ ਤਾਂ ਉਸ ਨੂੰ ਗਲਤ ਕੰਮ ਵਿਚ ਪਾ ਦਿੱਤਾ ਜਾਵੇਗਾ। ਜਸਲੀਨ ਕੌਰ ਨੇ ਦੱਸਿਆ ਕਿ ਉਸ ‘ਤੇ ਦਬਾਅ ਪਾ ਕੇ ਇੱਕ ਵੀਡੀਓ ਵੀ ਬਣਾਈ ਗਈ, ਜਿਸ ਵਿੱਚ ਪੈਸੇ ਦੀ ਮੰਗ ਕੀਤੀ ਗਈ।
ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਦੋਵਾਂ ਔਰਤਾਂ ਦੇ ਰਿਸ਼ਤੇਦਾਰਾਂ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਸੀ। ਇਕ ਪਰਿਵਾਰ ਨੇ ਉਸ ਨਾਲ 31 ਮਈ ਅਤੇ ਦੂਜੇ ਨੇ 8 ਜੂਨ ਨੂੰ ਸੰਪਰਕ ਕੀਤਾ। ਉਦੋਂ ਹੀ ਦੋਵਾਂ ਦਾ ਮਾਮਲਾ ਉਮਾਨ ਸਥਿਤ ਭਾਰਤੀ ਦੂਤਾਵਾਸ ਨੂੰ ਭੇਜਿਆ ਗਿਆ ਸੀ ਅਤੇ ਅੱਜ ਉਹ ਆਪਣੇ ਪਰਿਵਾਰਕ ਮੈਂਬਰਾਂ ਦੇ ਵਿਚਕਾਰ ਆ ਗਏ ਹਨ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮਾਨਤਾ ਪ੍ਰਾਪਤ ਟਰੈਵਲ ਏਜੰਟਾਂ ਰਾਹੀਂ ਹੀ ਵਿਦੇਸ਼ ਜਾਣ।
ਵੀਡੀਓ ਲਈ ਕਲਿੱਕ ਕਰੋ -: