ਚੰਡੀਗੜ੍ਹ : ਪੰਜਾਬ ਵਿਜੀਲੈਂਸ ਬਿਊਰੋ ਨੇ ਆਪਣੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਦੌਰਾਨ ਅੱਜ ਹਲਕਾ ਸ਼ਾਮਚੁਰਾਸੀ, ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਤਾਇਨਾਤ ਇੱਕ ਮਾਲ ਪਟਵਾਰੀ ਨਰਜੀਤ ਸਿੰਘ ਨੂੰ 25 ਹਜ਼ਾਰ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਹੈ।
ਜਾਣਕਾਰੀ ਦਿੰਦਿਆਂ ਵਿਜੀਲੈਂਸ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਮਾਲ ਪਟਵਾਰੀ ਵਿਰੁੱਧ ਇਹ ਕੇਸ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਕਡਿਆਣਾ ਨਿਵਾਸੀ ਬਲਦੇਵ ਸਿੰਘ ਦੀ ਸ਼ਿਕਾਇਤ ‘ਤੇ ਦਰਜ ਕੀਤਾ ਗਿਆ ਹੈ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਹੈ ਕਿ ਉਕਤ ਪਟਵਾਰੀ ਉਸ ਦੀ ਜ਼ਮੀਨ ਦਾ ਗਵਾਂਢੀ ਨਾਲ ਤਬਾਦਲਾ ਕਰਨ ਅਤੇ ਉਸਦਾ ਇੰਤਕਾਲ ਦਰਜ ਕਰਨ ਬਦਲੇ 30,000 ਰੁਪਏ ਰਿਸ਼ਵਤ ਮੰਗ ਰਿਹਾ ਹੈ ਪਰ ਗੱਲਬਾਤ ਦੌਰਾਨ ਸੌਦਾ 25,000 ਰੁਪਏ ਵਿੱਚ ਤੈਅ ਹੋਇਆ ਹੈ।
ਇਹ ਵੀ ਪੜ੍ਹੋ : ਮੋਦੀ ਕੈਬਨਿਟ ਦਾ ਵੱਡਾ ਫੈਸਲਾ, ਗਰੀਬਾਂ ਨੂੰ 5 ਸਾਲ ਹੋਰ ਮਿਲਦਾ ਰਹੇਗਾ ਮੁਫਤ ਰਾਸ਼ਨ
ਬੁਲਾਰੇ ਨੇ ਅੱਗੇ ਦੱਸਿਆ ਕਿ ਜਲੰਧਰ ਰੇਂਜ ਦੀ ਵਿਜੀਲੈਂਸ ਯੂਨਿਟ ਨੇ ਸ਼ਿਕਾਇਤ ਵਿੱਚ ਲਗਾਏ ਗਏ ਦੋਸ਼ਾਂ ਦੀ ਪੜਤਾਲ ਕਰਦਿਆਂ ਇੱਕ ਜਾਲ ਵਿਛਾਇਆ ਜਿਸ ਤਹਿਤ ਦੋਸ਼ੀ ਪਟਵਾਰੀ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 25,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ। ਇਸ ਸਬੰਧੀ ਉਪਰੋਕਤ ਮਾਲ ਅਧਿਕਾਰੀ ਦੇ ਖਿਲਾਫ ਵਿਜੀਲੈਂਸ ਬਿਓਰੋ ਦੇ ਥਾਣਾ ਜਲੰਧਰ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਉਸ ਨੂੰ ਭਲਕੇ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
ਵੀਡੀਓ ਲਈ ਕਲਿੱਕ ਕਰੋ : –
























