ਇੰਡੋਨੇਸ਼ੀਆ ਦਾ ਸਭ ਤੋਂ ਉੱਚਾ ਜਵਾਲਾਮੁਖੀ ਮਾਊਂਟ ਸੇਮੇਰੂ ਐਤਵਾਰ ਨੂੰ ਅਚਾਨਕ ਫਟ ਗਿਆ। ਕਰੀਬ 12 ਹਜ਼ਾਰ ਫੁੱਟ ਉੱਚੇ ਪਹਾੜ ਦੀ ਚੋਟੀ ਤੋਂ ਲਾਵਾ, ਗਰਮ ਸੁਆਹ ਅਤੇ ਗੈਸ ਨਿਕਲਣ ਲੱਗੀ। ਜ਼ਿਆਦਾ ਦਬਾਅ ਕਾਰਨ ਲਾਵਾ ਅਤੇ ਗਰਮ ਸੁਆਹ ਜਵਾਲਾਮੁਖੀ ਦੀ ਘਾਟੀ ‘ਚ ਸਥਿਤ ਪਿੰਡ ਦੇ ਖੇਤਾਂ ‘ਚ ਪਹੁੰਚ ਗਈ। ਜਵਾਲਾਮੁਖੀ ਫਟਣ ਤੋਂ ਬਾਅਦ ਲਾਵੇ ਦੀਆਂ ਨਦੀਆਂ ਵਹਿ ਗਈਆਂ।
ਦੱਸ ਦੇਈਏ ਕਿ ਮਾਊਂਟ ਸੇਮੇਰੂ ਜਵਾਲਾਮੁਖੀ ਕਈ ਦਿਨਾਂ ਤੋਂ ਹੌਲੀ-ਹੌਲੀ ਧੁਖ ਰਿਹਾ ਸੀ। ਪਰ ਮੀਂਹ ਕਾਰਨ ਇਸ ਦਾ ਲਾਵਾ ਡੋਮ ਟੁੱਟ ਗਿਆ ਅਤੇ ਫਿਰ ਗਰਮ ਸੁਆਹ ਅਤੇ ਲਾਵਾ ਕਈ ਕਿਲੋਮੀਟਰ ਦੂਰ ਤੱਕ ਤੇਜ਼ੀ ਨਾਲ ਵਹਿ ਗਿਆ। ਜਵਾਲਾਮੁਖੀ ਦੇ ਫਟਣ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਇਸ ਦੇ ਨਾਲ ਹੀ ਇਸ ਘਟਨਾ ਤੋਂ ਬਾਅਦ ਇੰਡੋਨੇਸ਼ੀਆ ਦੀ ਰਾਸ਼ਟਰੀ ਆਫਤ ਪ੍ਰਬੰਧਨ ਏਜੰਸੀ ਦੇ ਬੁਲਾਰੇ ਅਬਦੁਲ ਮੁਹਾਰੀ ਨੇ ਕਿਹਾ ਕਿ ਜਵਾਲਾਮੁਖੀ ਦੇ ਆਲੇ-ਦੁਆਲੇ ਦੇ ਕਈ ਪਿੰਡ ਰਾਖ ਦੇ ਢੇਰ ‘ਚ ਲੁਕ ਗਏ ਹਨ। ਨਾਲ ਹੀ ਉਨ੍ਹਾਂ ਦੱਸਿਆ ਕਿ ਧੂੰਏਂ ਅਤੇ ਸੁਆਹ ਕਾਰਨ ਅਸਮਾਨ ਕਾਲਾ ਹੋ ਗਿਆ ਹੈ। ਲੋਕਾਂ ਨੂੰ ਦਿਨ ਵੇਲੇ ਵੀ ਲਾਈਟਾਂ ਜਗਾਉਣੀਆਂ ਪੈਂਦੀਆਂ ਹਨ। ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਭੇਜ ਦਿੱਤਾ ਗਿਆ ਹੈ। ਹੁਣ ਵੀ ਰਾਹਤ ਅਤੇ ਬਚਾਅ ਕੰਮ ਜਾਰੀ ਹੈ।
ਮਾਊਂਟ ਸੇਮੇਰੂ ਜਾਵਾ ਵਿੱਚ ਹੈ, ਜੋ ਰਾਜਧਾਨੀ ਜਕਾਰਤਾ ਤੋਂ 800 ਕਿਲੋਮੀਟਰ ਦੱਖਣ-ਪੂਰਬ ਵਿੱਚ ਸਥਿਤ ਹੈ। ਜਾਵਾ ਵਿੱਚ ਬਹੁਤ ਸਾਰੇ ਜਵਾਲਾਮੁਖੀ ਹਨ, ਜੋ ਸਰਗਰਮ ਹਨ। ਪਰ ਮਾਊਂਟ ਸੇਮੇਰੂ ਸਭ ਤੋਂ ਖਤਰਨਾਕ ਅਤੇ ਸਭ ਤੋਂ ਉੱਚਾ ਜੁਆਲਾਮੁਖੀ ਹੈ।
ਸਿਰਫ਼ ਇੰਡੋਨੇਸ਼ੀਆ ਵਿੱਚ 121 ਸਰਗਰਮ ਜਵਾਲਾਮੁਖੀ ਹਨ। ਦੱਸ ਦੇਈਏ ਕਿ ਸਾਲ 2021 ਵਿੱਚ ਮਾਊਂਟ ਸੇਮੇਰੂ ਵਿੱਚ ਧਮਾਕਾ ਹੋਇਆ ਸੀ। ਫਿਰ ਇਸ ਦੇ ਲਾਵੇ, ਗਰਮ ਗੈਸ ਅਤੇ ਸੁਆਹ ਕਾਰਨ 51 ਲੋਕਾਂ ਦੀ ਮੌਤ ਹੋ ਗਈ ਸੀ।
ਜਾਣਕਾਰੀ ਮੁਤਾਬਕ ਇਸ ਜਵਾਲਾਮੁਖੀ ਦੇ ਫਟਣ ਨਾਲ ਨਿਕਲਣ ਵਾਲੀ ਸੁਆਹ, ਗਰਮ ਗੈਸ ਅਤੇ ਲਾਵੇ ਦੀਆਂ ਨਦੀਆਂ ਪਹਾੜ ਤੋਂ 8 ਕਿਲੋਮੀਟਰ ਹੇਠਾਂ ਆ ਗਈਆਂ। ਇਸ ਦੇ ਨਾਲ ਹੀ ਆਸ-ਪਾਸ ਰਹਿਣ ਵਾਲੇ ਲੋਕਾਂ ਨੂੰ 20 ਕਿਲੋਮੀਟਰ ਦੂਰ ਸਥਿਤ ਸਕੂਲ ਵਿੱਚ ਰੱਖਿਆ ਗਿਆ ਹੈ।