ਮੁੰਬਈ ਤੋਂ ਇੱਕ ਬਹੁਤ ਹੀ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇਥੇ ਇੱਕ ਔਰਤ ਨੇ ਆਪਣੇ ਪੁੱਤਰ ਨਾਲ ਮਿਲ ਕੇ ਬੈਂਕ ਮੈਨੇਜਰ ਪਤੀ ਨੂੰ ਸੱਤਵੀਂ ਮੰਜ਼ਿਲ ਤੋਂ ਹੇਠਾਂ ਸੁੱਟ ਦਿੱਤਾ ਤੇ ਇਸ ਪਿੱਛੋਂ ਮਾਮਲੇ ਨੂੰ ਖੁਦਕੁਸ਼ੀ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ। ਸਖਤਾਈ ਨਾਲ ਪੁੱਛ-ਗਿੱਛ ਕਰਨ ‘ਤੇ ਦੋਵਾਂ ਨੇ ਆਪਣਾ ਗੁਨਾਹ ਕਬੂਲ ਲਿਆ ਤੇ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ।
ਘਟਨਾ ਸ਼ੁੱਕਰਵਾਰ ਨੂੰ ਮੁੰਬਈ ਦੇ (ਪੱਛਮ) ਦੇ ਵੀਰਾ ਦੇਸਾਈ ਰੋਡ ਸਥਿਤ ਸਿਡਬੀ ਕੁਆਰਟਰ ਵਿੱਚ ਸਵੇਰੇ ਚਾਰ ਵਜੇ ਤੋਂ ਚਾਰ ਵਜ ਕੇ 54 ਮਿੰਟ ਦੇ ਵਿਚਾਲੇ ਦੀ ਹੈ। ਮ੍ਰਿਤਕ ਦੀ ਪਛਾਣ ਸੰਤਨ ਕੁਮਾਰ ਸ਼ੇਸ਼ਾਦ੍ਰੀ (54) ਵਜੋਂ ਹੋਈ ਹੈ। ਉਹ ਸਮਾਲ ਇੰਡਸਟਰੀਜ਼ ਡਿਵੈਲਪਮੈਂਟ ਬੈਂਕ ਆਫ਼ ਇੰਡੀਆ ਵਿੱਚ ਅਸਿਸਟੈਂਟ ਜਨਰਲ ਮੈਨੇਜਰ ਦੀ ਪੋਸਟ ‘ਤੇ ਤਾਇਨਾਤ ਸੀ। ਉਸ ਦੀ ਲਾਸ਼ ਵੇਖ ਕੇ ਸਵੇਰੇ ਸੈਰ ‘ਤੇ ਗਏ ਗੁਆਂਢੀਆਂ ਨੇ ਫੋਨ ਕਰਕੇ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ।
ਮਾਮਲੇ ਦੀ ਜਾਂਚ ਕਰ ਰਹੇ ਅੰਬੋਲੀ ਪੁਲਿਸ ਸਟੇਸ਼ਨ ਦੇ ਇੰਸਪੈਕਟਰ ਅਬਦੁਲ ਰਉਫ ਨੇ ਦੱਸਿਆ ਕਿ ਘਰ ਵਿੱਚ ਪਤੀ ਨੂੰ ਮਾਰਨ ਤੋਂ ਬਾਅਦ ਔਰਤ ਤੇ ਉਸ ਦੇ ਪੁੱਤਰ ਨੇ ਇਸ ਨੂੰ ਖੁਦਕੁਸ਼ੀ ਦਾ ਰੂਪ ਦੇਣ ਲਈ ਪਤੀ ਨੂੰ ਫਲੈਟ ਦੀ ਬਾਲਕਨੀ ਤੋਂ ਹੇਠਾਂ ਸੁੱਟਿਆ। ਰਉਫ ਨੇ ਦੱਸਿਆ ਕਿ ਅਸੀਂ ਸੰਤਨ ਕੁਮਾਰ ਸ਼ੇਸ਼ਾਦ੍ਰੀ ਦੇ ਕਤਲ ਦੇ ਦੋਸ਼ ਵਿੱਚ ਉਸ ਦੀ ਪਤਨੀ ਜੈਸ਼ੀਲਾ ਸ਼ੇਸ਼ਾਦ੍ਰੀ (52) ਤੇ ਪੁੱਤਰ ਅਰਵਿੰਦ (26) ਨੂੰ ਗ੍ਰਿਫਤਾਰ ਕੀਤਾ ਹੈ।
ਦੋਸ਼ੀਆਂ ਨੇ ਕਬੂਲਿਆ ਕਿ ਮ੍ਰਿਤਕ ਪਰਿਵਾਰ ਵੱਲ ਧਿਆਨ ਨਹੀਂ ਦਿੰਦਾ ਸੀ। ਉਨ੍ਹਾਂ ਨੂੰ ਘਰ ਲਈ ਖਰਚਾ ਨਹੀਂ ਦਿੰਦਾ ਸੀ ਤੇ ਛੋਟੀਆਂ-ਛੋਟੀਆਂ ਗੱਲਾਂ ‘ਤੇ ਲੜਦਾ ਸੀ, ਜਿਸ ਤੋਂ ਉਹ ਤੰਗ ਆ ਚੁੱਕੇ ਸੀ। ਅਰਵਿੰਦ ਨੇ ਦੋ ਸਾਲ ਪਹਿਲਾਂ ਇੰਜੀਨੀਅਰਿੰਗ ਕੰਪਲੀਟ ਕੀਤੀ ਸੀ ਤੇ ਤੇ ਹਾਇਰ ਸਟੱਡੀ ਲਈ ਕੈਨੇਡਾ ਜਾਣਾ ਚਾਹੁੰਦਾ ਸੀ ਪਰ ਸੰਤਨ ਕੁਮਾਰ ਉਸ ਨੂੰ ਪੈਸੇ ਨਹੀਂ ਦੇ ਰਿਹਾ ਸੀ। ਇਸੇ ਕਰਕੇ ਵੀਰਵਾਰ ਸ਼ਾਮ ਨੂੰ ਤਿੰਨਾਂ ਵਿਚਾਲੇ ਝਗੜਾ ਹੋਇਆ, ਜਿਸ ਪਿੱਛੋਂ ਮਾਂ-ਪੁੱਤ ਨੇ ਮਿਲ ਕੇ ਸੰਤਨ ਕੁਮਾਰ ਨੂੰ ਮਾਰਨ ਦਾ ਪਲਾਨ ਬਣਾਇਆ।
ਵੀਡੀਓ ਲਈ ਕਲਿੱਕ ਕਰੋ -:
“CM ਫੇਸ ਐਲਾਨੇ ਜਾਣ ਤੋਂ ਬਾਅਦ ਸੀਐਮ ਚੰਨੀ ਦਾ DAILY POST PUNJABI ‘ਤੇ ਪਹਿਲਾ EXCLUSIVE INTERVIEW”
ਸਵੇਰੇ ਚਾਰ ਵਜੇ ਦੋਵਾਂ ਨੇ ਉਸ ਦੇ ਸੁੱਤੇ ਪਿਆਂ ਸਿਰ ਚਾਰ-ਪੰਜ ਵਾਰ ਬੈੱਡ ‘ਤੇ ਜ਼ੋਰ ਨਾਲ ਮਾਰਿਆ। ਇਸ ਪਿੱਛੋਂ ਹੱਥ ਦੀ ਨਸ ਨੂੰ ਚਾਕੂ ਨਾਲ ਕੱਟਿਆ ਤੇ ਜਦੋਂ ਉਨ੍ਹਾਂ ਨੂੰ ਵਿਸ਼ਵਾਸ ਹੋ ਗਿਆ ਤਾਂ ਉਸ ਨੂੰ ਬਾਲਕਨੀ ਤੋਂ ਹੇਠਾਂ ਸੁੱਟ ਦਿੱਤਾ। ਇਸ ਪਿੱਛੋਂ ਸਾਰੇ ਘਰ ਤੋਂ ਖੂਨ ਸਾਫ ਕਰ ਲਿਆ ਤੇ ਕੱਪੜੇ ਮਸ਼ੀਨ ਵਿੱਚ ਧੋ ਦਿੱਤੇ।
ਵਾਰਦਾਤ ਦੀ ਜਾਣਕਾਰੀ ਮਿਲਣ ਤੋਂ ਬਾਅਦ ਜਿਵੇਂ ਹੀ ਪੁਲਿਸ ਪਹੁੰਚੀ ਤਾਂ ਘਰ ਦੀ ਛੱਤ ‘ਤੇ ਖੂਨ ਦੇ ਧੱਬੇ ਸਨ ਤੇ ਕਮਰੇ ਵਿੱਚ ਸਾਮਾਨ ਖਿਲਰਿਆ ਪਿਆ ਸੀ। ਇਸ ਨੂੰ ਦੇਖ ਕੇ ਉਨ੍ਹਾਂ ਨੂੰ ਇਹ ਕਤਲ ਦਾ ਮਾਮਲਾ ਲੱਗਾ। ਇਸ ਪਿੱਛੋਂ ਦੋਵੇਂ ਮਾਂ-ਪੁੱਤ ਨੇ ਵੱਖ-ਵੱਖ ਪੁੱਛਗਿੱਛ ਦੌਰਾਨ ਗੁਨਾਹ ਕਬੂਲ ਲਿਆ।