Young man commits suicide : ਪੰਜਾਬ ਸਰਕਾਰ ਵੱਲੋਂ ਘਰ-ਘਰ ਰੋਜ਼ਗਾਰ ਤੇ ਨੌਜਵਾਨਾਂ ਨੂੰ ਨੌਕਰੀ ਦੇਣ ਦੇ ਵਾਅਦੇ ਦੀ ਅਸਲੀਅਤ ਇਕ ਵਾਰ ਫਿਰ ਸਾਹਮਣੇ ਆਈ ਹੈ, ਜਦੋਂ ਸੰਗਰੂਰ ਦੇ ਪਿੰਡ ਖੋਖਰ ਵਿਚ ਇਕ ਬੇਰੋਜ਼ਗਾਰ ਈਟੀਟੀ ਪਾਸ ਅਧਿਆਪਕ ਨੇ ਨੌਕਰੀ ਨਾ ਮਿਲਣ ਦੇ ਚੱਲਦਿਆਂ ਆਤਮਹੱਤਿਆ ਕਰਕੇ ਮੌਤ ਨੂੰ ਗਲੇ ਲਗਾ ਲਿਆ। ਮ੍ਰਿਤਕ ਦੀ ਪਛਾਣ 24 ਸਾਲਾ ਤਜਿੰਦਰ ਸਿੰਘ ਵਜੋਂ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਉਸ ਨੇ ਈਟੀਟੀ ਪਾਸ ਕੀਤੀ ਹੋਈ ਸੀ ਅਤੇਉਸ ਨੇ ਕਈ ਵਾਰ ਨੌਕਰੀ ਲਈ ਅਪਲਾਈ ਕੀਤਾ ਪਰ ਨੌਕਰੀ ਨਹੀਂ ਮਿਲੀ। ਨੌਕਰੀ ਨਾ ਮਿਲਣ ਦੀ ਸੂਰਤ ਵਿਚ ਉਸ ਨੇ ਇਕ ਦੁਕਾਨ ਵੀ ਖੋਲ੍ਹੀ ਪਰ ਉਹ ਵੀ ਨਾ ਚੱਲੀ, ਜਿਸ ’ਤੇ ਉਸ ਨੇ ਲੇਬਰ ਦਾ ਕੰਮ ਕਰਨ ਵਿਚ ਵੀ ਗੁਰੇਜ਼ ਨਹੀਂ ਕੀਤਾ।
ਪਰ ਪੜ੍ਹੇ ਲਿਖੇ ਹੋਣ ਕਾਰਨ ਇਸ ਤਰ੍ਹਾਂ ਲੇਬਰ ਦੇ ਕੰਮ ਵਿਚ ਪੈਣ ਕਰਕੇ ਉਹ ਅਕਸਰ ਪ੍ਰੇਸ਼ਾਨ ਰਹਿੰਦਾ ਸੀ ਕਿ ਇੰਨੀ ਪੜ੍ਹਾਈ-ਲਿਖਾਈ ਕਰਕੇ ਉਸ ਨੂੰ ਲੇਬਰ ਦਾ ਕੰਮ ਕਰਨਾ ਪੈ ਰਿਹਾ ਹੈ। ਇਸੇ ਮਾਨਸਿਕ ਪ੍ਰੇਸ਼ਾਨੀ ਦੇ ਚੱਲਦਿਆਂ ਉਸ ਨੇ ਪੱਖੇ ਨਾਲ ਫਾਹਾ ਲਾ ਕੇ ਆਤਮਹੱਤਿਆ ਕਰ ਲਈ। ਪੁੱਤਰ ਦੀ ਮੌਤ ਤੋਂ ਦੁਖੀ ਵਿਰਲਾਪ ਕਰਦੇ ਮਾਂ-ਪਿਓ ਆਪਣੇ ਪੁੱਤਰ ਦੀ ਇਸ ਮੌਤ ਲਈ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਮੰਨਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜੇ ਉਨ੍ਹਾਂ ਦੇ ਪੁੱਤਰ ਨੂੰ ਨੌਕਰੀ ਮਿਲੀ ਹੁੰਦੀ ਤਾਂ ਉਹ ਅਜਿਹਾ ਨਾ ਕਰਦਾ। ਪੁਲਿਸ ਨੇ ਇਸ ਸਬੰਦੀ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਥੇ ਦੱਸ ਦੇਈਏ ਕਿ ਇਸ ਤਰ੍ਹਾਂ ਪੰਜਾਬ ਸਰਕਾਰ ਦੇ ਲਾਰਿਆਂ ਕਰਕੇ ਖੁਦਕੁਸ਼ੀ ਕਰਨਾ ਕੋਈ ਪਹਿਲਾ ਮਾਮਲਾ ਨਹੀਂ ਹੈ। ਕੁਝ ਦਿਨ ਪਹਿਲਾਂਹੀ ਮਾਨਸਾ ਵਿਚ ਇਕ 11ਵੀਂ ਜਮਾਤ ਦੇ ਹੋਣਹਾਰ ਵਿਦਿਆਰਥੀ ਨੇ ਪੜ੍ਹਾਈ ਲਈ ਸਮਾਰਟ ਫੋਨ ਨਾ ਮਿਲਣ ਕਰਕੇ ਖੁਦਕੁਸ਼ੀ ਕਰ ਲਈ ਸੀ ਤੇ ਅੱਜ ਇਕ ਹੋਰ ਪੜ੍ਹਿਆ ਲਿਖਿਆ ਨੌਜਵਾਨ, ਜਿਸ ਨੂੰ ਆਪਣੇ ਮਾਪਿਆਂ ਦਾ ਸਹਾਰਾ ਬਣਨਾ ਚਾਹੀਦਾ ਸੀ, ਨੌਕਰੀ ਨਾ ਮਿਲਣ ਦੀ ਮਾਨਸਿਕ ਪ੍ਰੇਸ਼ਾਨੀ ਦੇ ਚੱਲਦਿਆਂ ਪੰਜਾਬ ਸਰਕਾਰ ਦੇ ਲਾਰਿਆਂ ਦੀ ਬਲੀ ਚੜ੍ਹ ਗਿਆ। ਜੇਕਰ ਸਾਡੇ ਪੰਜਾਬ ਦੇ ਨੌਜਵਾਨ ਇਸੇ ਤਰ੍ਹਾਂ ਆਪਣੀਆਂ ਜਾਨਾਂ ਗੁਆਉਂਦੇ ਰਹੇ ਤਾਂ ਸਰਕਾਰ ਸੋਚ ਸਕਦੀ ਹੈ ਕਿ ਸਾਡੇ ਸੂਬੇ ਦਾ ਆਉਣ ਵਾਲਾ ਭਵਿੱਖ ਕਿਹੋ ਜਿਹਾ ਹੋਵੇਗਾ।