Zirakpur CA commit Suicide : ਜ਼ੀਰਕਪੁਰ ‘ਚ ਇੱਕ ਚਾਰਟਰਡ ਅਕਾਉਂਟੈਂਟ ਜ਼ਿੰਦਗੀ ਦੀ ਜੰਗ ਹਾਰ ਗਿਆ ਅਤੇ ਫਾਹ ਲੈ ਕੇ ਖੁਦਕੁਸ਼ੀ ਕਰ ਲਈ। ਸੀਏ ਬਲਟਾਣਾ ਦੀ ਪ੍ਰੀਤ ਕਲੋਨੀ ਵਿੱਚ ਰਹਿਣ ਵਾਲਾ ਸੀ, ਜਿਸ ਦੀ ਪਛਾਣ ਦੀਪਕ ਅਰੋੜਾ ਵਜੋਂ ਹੋਈ ਹੈ। ਪੁਲਿਸ ਨੇ ਮ੍ਰਿਤਕ ਦੇਹ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਲਾਸ਼ ਕੋਲੋਂ ਇੱਕ ਸੁਸਾਈਡ ਨੋਟ ਮਿਲਿਆ ਹੈ, ਜਿਸ ਵਿੱਚ ਬਲਟਾਨਾ ਚੌਕੀ ਇੰਚਾਰਜ ਕੁਲਵੰਤ ਸਿੰਘ ਸਣੇ ਛੇ ਲੋਕਾਂ ਨੂੰ ਮੌਤ ਨੂੰ ਗਲੇ ਲਗਾਉਣ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਕੁਲਵੰਤ ਤੋਂ ਇਲਾਵਾ 5 ਵਿਅਕਤੀਆਂ ਵਿੱਚ ਦਵਿੰਦਰ ਸਿੰਘ, ਪ੍ਰੇਮ ਮਨੋਚਾ, ਮਨੀ ਗੁਪਤਾ, ਰਵੀ ਅਰੋੜਾ ਅਤੇ ਵਿਪਨ ਛਾਬੜਾ ਆਨਰ ਹੋਟਲ ਡਾਇਮੰਡ ਲੀਫ ਸ਼ਾਮਲ ਹਨ।
ਚਾਰ ਪੰਨਿਆਂ ਦੀ ਖ਼ੁਦਕੁਸ਼ੀ ਵਿਚ ਲਿਖਿਆ ਹੈ ਕਿ ਹੋਟਲ ਦੇ ਪਾਰਟਨਰ ਚੌਕੀ ਇੰਚਾਰਜ ਕੁਲਵੰਤ ਸਿੰਘ ਦੇ ਨਾਲ ਮਿਲ ਕੇ ਉਸ ਨੂੰ ਬਲੈਕਮੇਲ ਕਰ ਰਿਹਾ ਸੀ। ਇੰਨਾ ਹੀ ਨਹੀਂ ਉਸ ਨੂੰ ਜਾਨੋਂ ਮਾਰਨ ਅਤੇ ਉਸ ਦੇ ਪਰਿਵਾਰ ਨੂੰ ਨੁਕਸਾਨ ਪਹੁੰਚਾਉਣ ਦੀਆਂ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਹਨ। ਪਰਿਵਾਰਕ ਮੈਂਬਰਾਂ ਨੇ ਵੀ ਆਪਣੇ ਬਿਆਨਾਂ ਵਿੱਚ ਦੀਪਕ ਨੂੰ ਪ੍ਰੇਸ਼ਾਨ ਕਰਨ ਦੀ ਗੱਲ ਕਹੀ ਹੈ। ਸੁਸਾਈਡ ਨੋਟ ਦੇ ਅਨੁਸਾਰ ਦੀਪਕ ਅਰੋੜਾ ਦੇ ਬੈਂਕ ਖਾਤੇ ਦੀ ਚੈੱਕ ਬੁੱਕ ਚੋਰੀ ਹੋ ਗਈ ਸੀ। ਦਵਿੰਦਰ ਰਾਣਾ ਦੀਪਕ ਦੇ ਖਾਤੇ ਵਿਚੋਂ ਜਾਅਲੀ ਸਾਈਨ ਕਰਕੇ ਅਤੇ ਉਸ ਨੂੰ ਬਲੈਕਮੇਲ ਕਰਕੇ ਪੈਸੇ ਕੱਢ ਰਿਹਾ ਸੀ। ਇਸ ਕਾਰਨ ਦੀਪਕ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਸੀ ਅਤੇ ਅਖੀਰ ਉਸਨੇ ਖੁਦਕੁਸ਼ੀ ਕਰ ਲਈ।
ਐਸਐਸਪੀ ਮੁਹਾਲੀ ਸਤਿੰਦਰ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਦੇ ਅਧਾਰ ’ਤੇ ਕੇਸ ਦਰਜ ਕਰ ਲਿਆ ਗਿਆ ਹੈ। ਜੇ ਚੌਂਕੀ ਇੰਚਾਰਜ ‘ਤੇ ਲੱਗੇ ਦੋਸ਼ ਸਾਬਤ ਹੋ ਜਾਂਦੇ ਹਨ ਤਾਂ ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਦੇ ਨਾਲ ਹੀ ਬਲਟਾਨਾ ਚੌਕੀ ਇੰਚਾਰਜ ਕੁਲਵੰਤ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਇਸ ਕੇਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਉਨ੍ਹਾਂ ਨੂੰ ਦੁਸ਼ਮਣੀ ਅਧੀਨ ਫਸਾਇਆ ਜਾ ਰਿਹਾ ਹੈ।