ਲੁਧਿਆਣਾ ਪੁਲਿਸ ਨੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਜੋ ਖੁਦ ਨੂੰ ਸਪੈਸ਼ਲ ਬ੍ਰਾਂਚ ਦਾ ਪੁਲਿਸ ਮੁਲਾਜ਼ਮ ਦੱਸ ਕੇ ਲੋਕਾਂ ਤੋਂ ਪੈਸੇ ਇਕੱਠੇ ਕਰਦਾ ਸੀ। ਪੁਲਿਸ ਨੇ ਨਾਕਾਬੰਦੀ ਦੌਰਾਨ ਸ਼ਖਸ ਨੂੰ ਦਬੋਚਿਆ ਹੈ। ਇਹ ਸ਼ਖਸ ਲਾਇਸੈਂਸੀ ਪਿਸਤੌਲ ਨਾਲ ਲੋਕਾਂ ਨੂੰ ਡਰਾਉਂਦਾ-ਧਮਕਾਉਂਦਾ ਸੀ।
ਜਾਣਕਾਰੀ ਦਿੰਦੇ ਹੋਏ ਬੱਸ ਸਟੈਂਡ ਚੌਕੀ ਇੰਚਾਰਜ ਅਮਰਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਗੁਰਪ੍ਰੀਤ ਸਿੰਘ ਵਜੋਂ ਹੋਈ ਹੈ। ਗੁਰਪ੍ਰੀਤ ਦੇ ਦੌ ਬੱਚੇ ਹਨ। ਉਹ ਵਿਆਹਾਂ ਵਿਚ ਸਕਿਓਰਿਟੀ ਗਾਰਡ ਆਦਿ ਦਾ ਕੰਮ ਕਰਦਾ ਸੀ। ਉਹ ਆਪਣੀ ਲਾਇਸੈਂਸੀ ਪਿਸਤੌਲ ਨਾਲ ਲੋਕਾਂ ਨੂੰ ਧਮਕਾਉਂਦਾ ਸੀ।
ਮੁਲਜ਼ਮ ਦੇ ਕਬਜ਼ੇ ਵਿਚੋਂ 1 ਪਿਸਤੌਲ ਤੇ 4 ਕਾਰਤੂਸ ਬਰਾਮਦ ਹੋਏ ਹਨ। ਗੁਰਪ੍ਰੀਤ ਲੋਕਾਂ ਨਾਲ ਪ੍ਰਾਈਵੇਟ ਗੰਨਮੈਨ ਦਾ ਕੰਮ ਵੀ ਕਰਦਾ ਰਿਹਾ ਹੈ। ਗੁਰਪ੍ਰੀਤ ਮਨਸੂਰਾਂ ਪਿੰਡ ਦਾ ਰਹਿਣ ਵਾਲਾ ਹੈ। ਉਹ 12ਵੀਂ ਪਾਸ ਹੈ। ਉਸ ਨੇ ਇਕ ਸਪਾ ਸੈਂਟਰ ਤੋਂ 5,000 ਰੁਪਏ ਦੀ ਮੰਗ ਕੀਤੀ ਸੀ ਤੇ ਰੁਪਏ ਨਾ ਦੇਣ ‘ਤੇ ਕੇਸ ਦਰਜ ਕਰਨ ਦੀ ਧਮਕੀ ਦਿੱਤੀ।
ਇਹ ਵੀ ਪੜ੍ਹੋ : ਜੰਗ ਏ ਆਜ਼ਾਦੀ ਘੁਟਾਲੇ ‘ਤੇ ਵੱਡੀ ਕਾਰਵਾਈ, ਬਰਜਿੰਦਰ ਸਿੰਘ ਹਮਦਰਦ ਸਣੇ 26 ਲੋਕਾਂ ‘ਤੇ FIR
ਗੁਰਪ੍ਰੀਤ ਦਾ ਸਾਥੀ ਸਤਬੀਰ ਕਾਰ ਵਿਚ ਬੈਠਾ ਸੀ। ਮੁਲਜ਼ਮ ਨੂੰ ਜਦੋਂ ਫੜਿਆ ਤਾਂ ਸਤਬੀਰ ਗੱਡੀ ਲੈ ਕੇ ਫਰਾਰ ਹੋ ਗਿਆ। ਗੁਰਪ੍ਰੀਤ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਹੈ। ਰਿਮਾਂਡ ਦੇ ਬਾਅਦ ਖੁਲਾਸਾ ਹੋਵੇਗਾ ਕਿ ਮੁਲਜ਼ਮ ਨੇ ਪਹਿਲਾਂ ਕਿੰਨੇ ਲੋਕਾਂ ਨਾਲ ਠੱਗੀ ਕੀਤੀ ਹੈ। ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ।
ਵੀਡੀਓ ਲਈ ਕਲਿੱਕ ਕਰੋ -: