ਆਧਾਰ ਕਾਰਡ ਹੁਣ ਤੁਹਾਡੀ ਜਨਮ ਮਿਤੀ ਦਾ ਸਬੂਤ ਨਹੀਂ ਹੋਵੇਗਾ। ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਨੇ ਇਸ ਸਬੰਧ ਵਿਚ ਇਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਦੱਸ ਦਈਏ ਕਿ ਯੂਨੀਕ ਆਈਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ (UIDAI) ਦੇ ਨਿਰਦੇਸ਼ਾਂ ਤੋਂ ਬਾਅਦ EPFO ਨੇ ਆਧਾਰ ਕਾਰਡ ਨੂੰ ਜਨਮ ਮਿਤੀ ਲਈ ਸਵੀਕਾਰਯੋਗ ਦਸਤਾਵੇਜ਼ ਵਜੋਂ ਹਟਾਉਣ ਦਾ ਫੈਸਲਾ ਕੀਤਾ ਹੈ।
ਇਸ ਫੈਸਲੇ ਦਾ ਅਸਰ EPFO ਗਾਹਕਾਂ ‘ਤੇ ਪਵੇਗਾ ਅਤੇ ਹੁਣ ਉਹ ਆਪਣੇ EPF ਖਾਤੇ ਦੀ ਜਨਮ ਮਿਤੀ ਨੂੰ ਸਾਬਤ ਕਰਨ ਜਾਂ ਉਸ ਵਿੱਚ ਸੁਧਾਰ ਕਰਨ ਲਈ ਆਧਾਰ ਦੀ ਵਰਤੋਂ ਸਬੂਤ ਵਜੋਂ ਨਹੀਂ ਕਰ ਸਕਣਗੇ। ਤੁਹਾਨੂੰ ਦੱਸ ਦੇਈਏ ਕਿ EPFO ਦੇ ਕਰੀਬ 7 ਕਰੋੜ ਗਾਹਕ ਹਨ। ਇਹ ਉਹ ਲੋਕ ਹਨ ਜੋ ਰੁਜ਼ਗਾਰ ਵਿੱਚ ਹਨ ਅਤੇ ਉਨ੍ਹਾਂ ਦਾ ਮਾਲਕ EPFO ਨਾਲ ਜੁੜਿਆ ਹੋਇਆ ਹੈ।
UIDAI ਨੇ ਪਾਇਆ ਕਿ ਬਹੁਤ ਸਾਰੇ ਲਾਭਪਾਤਰੀਆਂ ਦੁਆਰਾ ਆਧਾਰ ਨੂੰ ਜਨਮ ਮਿਤੀ ਦੇ ਸਬੂਤ ਵਜੋਂ ਮੰਨਿਆ ਜਾ ਰਿਹਾ ਹੈ। ਆਧਾਰ ਐਕਟ, 2016 ਦੇ ਅਨੁਸਾਰ ਇਸ ਨੂੰ ਜਨਮ ਮਿਤੀ ਦੇ ਸਬੂਤ ਵਜੋਂ ਮਾਨਤਾ ਨਹੀਂ ਦਿੱਤੀ ਗਈ ਸੀ। UIDAI ਨੇ ਜ਼ੋਰ ਦੇ ਕੇ ਕਿਹਾ ਕਿ ਆਧਾਰ ਪਛਾਣ ਤਸਦੀਕ ਲਈ ਹੈ, ਜਨਮ ਦੇ ਸਬੂਤ ਲਈ ਨਹੀਂ। UIDAI ਦੇ ਨਿਰਦੇਸ਼ਾਂ ਤੋਂ ਬਾਅਦ EPFO ਨੇ ਜਨਮ ਮਿਤੀ ਵਿੱਚ ਸੁਧਾਰ ਲਈ ਸਵੀਕਾਰਯੋਗ ਦਸਤਾਵੇਜ਼ਾਂ ਦੀ ਸੂਚੀ ਵਿੱਚੋਂ ਆਧਾਰ ਨੂੰ ਹਟਾ ਦਿੱਤਾ। ਇਹ ਫੈਸਲਾ ਕੇਂਦਰੀ ਭਵਿੱਖ ਨਿਧੀ ਕਮਿਸ਼ਨਰ (ਸੀਪੀਐਫਸੀ) ਦੀ ਪ੍ਰਵਾਨਗੀ ਨਾਲ ਲਿਆ ਗਿਆ ਹੈ।
ਇਹ ਵੀ ਪੜ੍ਹੋ : ਸਾਲ ਦਾ ਪਹਿਲਾ ‘ਮਨ ਕੀ ਬਾਤ’ ਪ੍ਰੋਗਰਾਮ ਅੱਜ, PM ਮੋਦੀ ਦੇਸ਼ ਨੂੰ ਕਰਨਗੇ ਸੰਬੋਧਤ
EPFO ਲਈ ਜਨਮ ਮਿਤੀ ਦੇ ਸਬੂਤ ਵਜੋਂ ਸਵੀਕਾਰ ਕੀਤੇ ਗਏ ਦਸਤਾਵੇਜ਼ ਵਿਚ ਜਨਮ ਸਰਟੀਫਿਕੇਟ, ਕਿਸੇ ਮਾਨਤਾ ਪ੍ਰਾਪਤ ਸਰਕਾਰੀ ਬੋਰਡ ਜਾਂ ਯੂਨੀਵਰਸਿਟੀ ਦੁਆਰਾ ਜਾਰੀ ਕੀਤੀ ਮਾਰਕ ਸ਼ੀਟ ਸ਼ਾਮਲ ਹਨ। ਇਸ ਤੋਂ ਇਲਾਵਾ ਸਕੂਲ ਛੱਡਣ ਦਾ ਸਰਟੀਫਿਕੇਟ (SLC)/ਸਕੂਲ ਟ੍ਰਾਂਸਫਰ ਸਰਟੀਫਿਕੇਟ (TC)/SSC ਸਰਟੀਫਿਕੇਟ ਜਿਸ ਵਿੱਚ ਨਾਮ ਅਤੇ ਜਨਮ ਮਿਤੀ ਵੀ EPFO ਲਈ ਵੈਧ ਦਸਤਾਵੇਜ਼ਾਂ ਵਿੱਚ ਸ਼ਾਮਲ ਹਨ। ਪੈਨ ਕਾਰਡ, ਕੇਂਦਰੀ/ਰਾਜ ਪੈਨਸ਼ਨ ਭੁਗਤਾਨ ਆਰਡਰ ਭਾਵ ਪੀਪੀਓ, ਸਰਕਾਰ ਦੁਆਰਾ ਜਾਰੀ ਡੋਮੀਸਾਈਲ ਸਰਟੀਫਿਕੇਟ ਵੀ ਜਨਮ ਸਰਟੀਫਿਕੇਟ ਦੇ ਤੌਰ ‘ਤੇ ਵੈਧ ਹਨ।
ਵੀਡੀਓ ਲਈ ਕਲਿੱਕ ਕਰੋ –