Addicted son strangles : ਨਸ਼ਾ ਇਨਸਾਨ ਨੂੰ ਇਸ ਕਦਰ ਆਪਣੇ ਵਸ ਵਿਚ ਕਰ ਲੈਂਦਾ ਹੈ ਕਿ ਉਸ ਦੀ ਚੰਗੇ-ਮਾੜੇ ਦਾ ਸੋਚਣ ਦੀ ਸ਼ਕਤੀ ਵੀ ਖਤਮ ਹੋ ਜਾਂਦੀ ਹੈ। ਪੰਜਾਬ ਵਿਚ ਨਸ਼ਿਆਂ ਨੇ ਬਹੁਤ ਨੌਜਵਾਨਾਂ ਦੀ ਜ਼ਿੰਦਗੀ ਨੂੰ ਤਬਾਹ ਕਰਕੇ ਰੱਖ ਦਿੱਤਾ। ਅਜਿਹਾ ਹੀ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਇਕ ਨਸ਼ੇੜੀ ਪੁੱਤ ਵਲੋਂ ਪਿਤਾ ਦਾ ਕਤਲ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਮੁਕਤਸਰ ਦੇ ਪਿੰਡ ਝੁੱਗੇ ਰਣਜੀਤਗੜ੍ਹ ਵਿਖੇ ਇਕ ਨੌਜਵਾਨ ਨੇ ਆਪਣੇ ਪਿਓ ਨੂੰ ਇਸ ਲਈ ਮਾਰ ਦਿੱਤਾ ਕਿਉਂਕਿ ਉਸ ਨੂੰ ਨਸ਼ੇ ਲਈ ਪੈਸੇ ਨਹੀਂ ਮਿਲ ਰਹੇ ਸਨ। ਗੁੱਸੇ ਵਿਚ ਆ ਕੇ ਉਸ ਨੇ ਗਲਾ ਦਬਾ ਕੇ ਆਪਣੇ ਪਿਓ ਦੀ ਹੱਤਿਆ ਕਰ ਦਿੱਤੀ।
ਇਹ ਸਾਰੀ ਜਾਣਕਾਰੀ ਮੁਲਜ਼ਮ ਦੇ ਭਰਾ ਵਲੋਂ ਦਿੱਤੀ ਗਈ ਹੈ। ਉਸ ਨੇ ਦੱਸਿਆ ਕਿ ਉਸ ਦਾ ਭਰਾ ਬਲਵੰਤ ਸਿੰਘ ਨਸ਼ੇ ਕਰਨ ਦਾ ਆਦੀ ਹੈ ਤੇ ਇਸੇ ਕਾਰਨ ਉਸ ਦੇ ਪਿਓ ਅਤੇ ਉਸ ਵਿਚਕਾਰ ਝਗੜਾ ਹੋ ਗਿਆ ਤੇ ਦੇਖਦੇ ਹੀ ਦੇਖਦੇ ਝਗੜਾ ਬਹੁਤ ਵਧ ਗਿਆ। ਜਦੋਂ ਉਸ ਨੂੰ ਨਸ਼ੇ ਵਾਸਤੇ ਪੈਸੇ ਨਹੀਂ ਮਿਲੇ ਤਾਂ ਉਸ ਨੇ ਗੁੱਸੇ ਵਿਚ ਆ ਕੇ ਆਪਣੇ ਪਿਓ ਦਾ ਗਲਾ ਦਬਾ ਕੇ ਉਸ ਦੀ ਹੱਤਿਆ ਕਰ ਦਿੱਤੀ। ਥਾਣਾ ਸਦਰ ਪੁਲਿਸ ਨੇ ਮੁਲਜ਼ਮ ਦੇ ਭਰਾ ਦੇ ਬਿਆਨਾਂ ਦੇ ਆਧਾਰ ‘ਤੇ ਮਾਮਲਾ ਦਰਜ ਕਰ ਲਿਆ ਹੈ। ਥਾਣਾ ਸਦਰ ਦੇ ਅਧਿਕਾਰੀ ਗੁਰਮੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਛਾਣਬੀਣ ਕੀਤੀ ਜਾ ਰਹੀ ਹੈ ਤੇ ਮਾਮਲੇ ਦਾ ਗੰਭੀਰਤਾ ਨਾਲ ਪਤਾ ਲਗਾਉਣ ਦੀ ਕੋਸ਼ਿਸ਼ ਜਾਰੀ ਹੈ।