Akali Dal will hold a conference : ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਫੈਸਲਾ ਕੀਤਾ ਹੈ ਕਿ ਹਮ ਖਿਆਲੀ ਪਾਰਟੀਆਂ ਨਾਲ ਰਲ ਕੇ ਦੇਸ਼ ਵਿਚ ਸੰਘੀ ਢਾਂਚਾ ਮਜ਼ਬੂਤ ਕਰਨ ਲਈ ਸਾਂਝੀ ਰਣਨੀਤੀ ਉਲੀਕੀ ਜਾਵੇਗੀ ਕਿਉਂਕਿ ਐਨਡੀਏ ਸਰਕਾਰ ਇਸ ਢਾਂਚੇ ਨੂੰ ਖੋਰਾ ਲਗਾ ਰਹੀ ਹੈ। ਇਹ ਪਾਰਟੀਆਂ 15 ਜਨਵਰੀ ਤੋਂ ਬਾਅਦ ਦਿੱਲੀ ਵਿਚ ਕਾਨਫਰੰਸ ਕਰਨਗੀਆਂ, ਜਿਸ ਵਿਚ ਮੁੱਖ ਚਰਚਾ ਸੰਘਵਾਦ ਨੂੰ ਲੱਗੇ ਖੋਰ੍ਹ ਅਤੇ ਇਸ ਦੇ ਕਿਸਾਨਾਂ ਅਤੇ ਰਾਜਾਂ ਵਿੱਤੀ ਹਾਲਾਤਾਂ ’ਤੇ ਪ੍ਰਭਾਵ ’ਤੇ ਚਰਚਾ ਕੀਤੀ ਜਾਵੇਗੀ। ਇਸ ਦੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਦੱਸਿਆ ਕਿ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਹਮ ਖਿਆਲੀ ਪਾਰਟੀਆਂ ਨਾਲ ਰਾਬਤਾ ਕਾਇਮ ਕੀਤਾ ਜਾਵੇ ਜੋ ਦੇਸ਼ ਵਿਚ ਸ਼ਕਤੀਆਂ ਦੇ ਕੇਂਦਰੀਕਰਨ ਤੋਂ ਪੀੜਤ ਹਨ। ਉਨ੍ਹਾਂ ਕਿਹਾ ਕਿ ਅਸੀਂ ਤ੍ਰਿਣਾਮੂਲ ਕਾਂਗਰਸ, ਸ਼ਿਵ ਸੈਨਾ, ਇੰਡੀਅਨ ਨੈਸ਼ਨਲ ਲੋਕ ਦਲ, ਡੀਐਮਕੇ ਅਤੇ ਸਮਾਜਵਾਦੀ ਪਾਰਟੀ ਨਾਲ ਰਾਬਤਾ ਕਾਇਮ ਕੀਤਾ ਹੈ। ਅਸੀਂ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਦੇ ਵੀ ਸੰਪਰਕ ਵਿਚ ਹਾਂ। ਸਾਡਾ ਮਕਸਦ ਇਕ ਕਾਨਫਰੰਸ ਕਰਵਾਉਣਾ ਅਤੇ ਸਾਂਝੇ ਤੌਰ ’ਤੇ ਕੰਮ ਕਰਦਿਆਂ ਸੰਘੀ ਢਾਂਚੇ ਨੂੰ ਮਜ਼ਬੂਤ ਕਰਨਾ ਹੈ ਜਿਵੇਂ ਕਿ ਸਾਡੇ ਸੰਵਿਧਾਨ ਨਿਰਮਾਤਿਆਂ ਨੇ ਸੋਚਿਆ ਸੀ।
ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਖੇਤਰੀ ਪਾਰਟੀਆਂ ਦੇ ਆਗੂਆਂ ਨੇ ਮੀਟਿੰਗ ਵਿਚ ਸ਼ਾਮਲ ਹੋਣ ਲਈ ਸਹਿਮਤੀ ਦਿੱਤੀ ਹੈ ਤੇ ਪੰਜ ਵਾਰ ਮੁੱਖ ਮੰਤਰੀ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸਰਦਾਰ ਪ੍ਰਕਾਸ਼ ਸਿੰਘ ਬਾਦਲ ਇਸ ਕਾਨਫਰੰਸ ਨੂੰ ਸੰਬੋਧਨ ਕਰਨਗੇ। ਪਹਿਲਾਂ ਇਹ ਮੀਟਿੰਗ 7 ਜਨਵਰੀ ਲਈ ਰੱਖੀ ਗਈ ਸੀ ਪਰ ਸ. ਬਾਦਲ ਦੀ ਸਿਹਤ ਠੀਕ ਨਾ ਹੋਣ ਕਾਰਨ ਇਹ ਮੁਲਤਵੀ ਕਰਨੀ ਪਈ। ਅਕਾਲੀ ਆਗੂ ਨੇ ਕਿਹਾ ਕਿ ਤਿੰਨ ਖੇਤੀ ਕਾਨੂੰਨਾਂ ਜੋ ਧੱਕੇ ਨਾਲ ਸੰਸਦ ਵਿਚ ਪਾਸ ਕਰਵਾਏ ਗਏ ਹਨ, ਕੇਂਦਰ ਸਰਕਾਰ ਵੱਲੋਂ ਰਾਜਾਂ ਦੀਆਂ ਸ਼ਕਤੀਆਂ ਵਿਚ ਸਿੱਧੀ ਦਖਲਅੰਦਾਜ਼ੀ ਹੈ। ਉਨ੍ਹਾਂ ਕਿਹਾ ਕਿ ਖੇਤੀਬਾੜੀ ਰਾਜ ਸੂਚੀ ਦਾ ਵਿਸ਼ਾ ਹੈ ਤੇ ਕੇਂਦਰ ਸਰਕਾਰ ਨੇ ਇਸ ਮਾਮਲੇ ’ਤੇ ਕਾਨੂੰਨ ਬਣਾ ਦਿੱਤੇ ਹਨ। ਉਨ੍ਹਾਂ ਕਿਹਾ ਕਿ ਅਸੀਂ ਸਪਸ਼ਟ ਹਾਂ ਕਿ ਇਹ ਕਾਨੂੰਨ ਸੰਸਦ ਨਹੀਂ ਬਣਾ ਸਕਦੀ। ਉਨ੍ਹਾਂ ਨੇ ਰਾਜ ਦੇ ਕਾਨੂੰਨਾਂ ਅਤੇ ਮਾਰਕੀਟ ਕਮੇਟੀਆਂ ਦੇ ਉਪਰ ਵੀ ਕਾਨੂੰਨ ਬਣਾ ਦਿੱਤੇ ਹਨ ਤੇ ਇਨ੍ਹਾਂ ਨਾਲ ਕਾਰਪੋਰਟ ਘਰਾਣਿਆਂ ਨੁੰ ਮਦਦ ਮਿਲੇਗੀ ਤੇ ਰਾਜਾਂ ਦੀ ਵਿੱਤੀ ਹਾਲਾਤ ਹੋਰ ਕਮਜ਼ੋਰ ਹੋਵੇਗੀ।
ਉਨ੍ਹਾਂ ਕਿਹਾ ਕਿ ਜ਼ੋਰ ਦੇ ਕੇ ਕਿਹਾ ਕਿ ਰਾਜਾਂ ਨੂੰ ਕੇਂਦਰ ਦੇ ਰਹਿਮੋ ਕਰਮ ’ਤੇ ਨਹੀਂ ਛੱਡਿਆ ਜਾਣਾ ਚਾਹੀਦਾ। ਪਿਛਲੇ ਸਮੇਂ ਦੌਰਾਨ ਇਹ ਰੁਝਾਨ ਤੇਜ਼ੀ ਨਾਲ ਵਧਿਆ ਹੈ ਤੇ ਪੱਛਮੀ ਬੰਗਾਲ ਵਿਚ ਸਪੱਸ਼ਟ ਦਿਸਿਆ ਹੈ ਜਿਥੇ ਰਾਜਪਾਲ ਇੱਕ ਚੁਣੀ ਹੋਈ ਸਰਕਾਰ ਦੇ ਕੰਮਕਾਜ ਵਿਚ ਲਗਾਤਾਰ ਦਖਲ ਦੇ ਰਿਹਾ ਹੈ ਤੇ ਪੰਜਾਬ ਵਿਚ ਵੀ ਰਾਜਪਾਲ ਨੇ ਸਰਦਾਰ ਨੁੰ ਦਰਕਿਨਾਰ ਕਰ ਕੇ ਸੂਬੇ ਦੇ ਅਧਿਕਾਰੀਆਂ ਨੁੰ ਤਲਬ ਕੀਤਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਇਸ ਰੁਝਾਨ ਦੇ ਖਿਲਾਫ ਹੈ ਤੇ ਇਹ ਹਮਖਿਆਲੀ ਪਾਰਟੀਆਂ ਨੂੰ ਇਕਜੁੱਟ ਕਰਨ ਵਾਸਤੇ ਪੂਰੀ ਵਾਹ ਲਗਾਏਗਾ ਤਾਂ ਕੇਂਦਰ ਸਰਕਾਰ ਦੇ ਹੱਥਾਂ ਵਿਚ ਸ਼ਕਤੀਆਂ ਦੇ ਕੇਂਦਰੀਕਰਨ ਨੂੰ ਰੋਕਿਆ ਜਾ ਸਕੇ।