ਹੁਸ਼ਿਆਰਪੁਰ ਦੇ ਕਸਬਾ ਟਾਂਡਾ ਉੜਮੁੜ ‘ਚ ਦੋ ਸਾਲ ਪੁਰਾਣੇ ਕਤਲ ਦੀ ਕੋਸ਼ਿਸ਼ ਦੇ ਮਾਮਲੇ ‘ਚ ਗਵਾਹੀ ਦੇਣ ਵਾਲੇ ਪਰਿਵਾਰ ‘ਤੇ ਦਰਜਨ ਤੋਂ ਵੱਧ ਹਮਲਾਵਰਾਂ ਨੇ ਹਮਲਾ ਕਰ ਦਿੱਤਾ, ਜਿਸ ਘਰ ‘ਚ ਹਮਲਾ ਹੋਇਆ, ਉੱਥੇ 11 ਮਾਰਚ ਨੂੰ ਵਿਆਹ ਸੀ। ਪਹਿਲਾਂ ਘਰ ਦੇ ਬਾਹਰ ਇੱਟਾਂ ਅਤੇ ਪਥਰਾਅ ਕੀਤਾ ਗਿਆ, ਫਿਰ ਘਰ ਦੇ ਅੰਦਰ ਦਾਖਲ ਹੋ ਕੇ ਤੇਜ਼ਧਾਰ ਹਥਿਆਰਾਂ ਨਾਲ ਸਮਾਨ ਤੋੜ ਦਿੱਤਾ। ਇਸ ਦੌਰਾਨ ਮੁਲਜ਼ਮਾਂ ਨੇ ਘਰ ਵਿੱਚ ਹਵਾ ਵਿੱਚ ਗੋਲੀਆਂ ਵੀ ਚਲਾਈਆਂ।
ਇਸ ਘਟਨਾ ‘ਚ ਲਾੜਾ ਅਤੇ ਉਸ ਦਾ ਪਿਤਾ ਜ਼ਖਮੀ ਹੋ ਗਏ। ਇਸ ਪੂਰੀ ਘਟਨਾ ਦੀਆਂ ਕੁਝ ਵੀਡੀਓਜ਼ ਵੀ ਸਾਹਮਣੇ ਆਈਆਂ ਹਨ। ਜਿਸ ‘ਚ ਦੋਸ਼ੀ ਹਮਲਾ ਕਰਦੇ ਨਜ਼ਰ ਆ ਰਹੇ ਹਨ। ਥਾਣਾ ਟਾਂਡਾ ਦੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਟਾਂਡਾ ਉੜਮੁੜ ਦੇ ਪਿੰਡ ਰਾਣੀ ਪਿੰਡ ਵਾਸੀ ਜਸਵਿੰਦਰ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਉਸ ਦੇ ਲੜਕੇ ਮਨਿੰਦਰ ਸਿੰਘ ਦਾ ਉਸ ਦੇ ਘਰ ਵਿਆਹ ਹੋ ਰਿਹਾ ਸੀ। ਇਸ ਕਾਰਨ ਘਰ ਵਿੱਚ ਕਈ ਮਹਿਮਾਨ ਆਏ ਹੋਏ ਸਨ। ਕੱਲ੍ਹ ਵੀ ਹਰ ਰੋਜ਼ ਵਾਂਗ ਸਾਰਾ ਪਰਿਵਾਰ ਘਰ ਦੇ ਵਿਹੜੇ ਵਿੱਚ ਬੈਠਾ ਸੀ। ਸ਼ਾਮ ਸਾਢੇ ਛੇ ਵਜੇ ਦੇ ਕਰੀਬ ਇੱਕ ਦਰਜਨ ਹਮਲਾਵਰਾਂ ਨੇ ਪਥਰਾਅ ਸ਼ੁਰੂ ਕਰ ਦਿੱਤਾ। ਘਟਨਾ ਦੇ ਸਮੇਂ ਪਰਿਵਾਰ ਘਰ ਦੇ ਵਿਹੜੇ ‘ਚ ਬੈਠਾ ਵਿਆਹ ‘ਚ ਮਿਲੇ ਸ਼ਗਨ ਗਿਣ ਰਿਹਾ ਸੀ। ਇਸ ਦੌਰਾਨ ਰਿਸ਼ਤੇਦਾਰਾਂ ਨੇ ਭੱਜ ਕੇ ਜਾਨ ਬਚਾਈ। ਦੋਸ਼ੀਆਂ ਨੇ ਵਿਆਹ ਕਰਕੇ ਲਾਏ ਗਏ ਟੈਂਟ ਵੀ ਪੁੱਟ ਸੁੱਟੇ।
ਦੋਸ਼ ਹੈ ਕਿ ਮੁਲਜ਼ਮਾਂ ਨੇ ਹਮਲਾ ਕਰਦੇ ਸਮੇਂ ਘਰ ਦੇ ਅੰਦਰ ਹਵਾ ਵਿੱਚ ਫਾਇਰ ਵੀ ਕੀਤੇ। ਇਸ ਘਟਨਾ ‘ਚ ਲਾੜਾ ਅਤੇ ਉਸ ਦਾ ਪਿਤਾ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਟਾਂਡਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪਰਿਵਾਰ ਨੇ ਪਿੰਡ ਵਾਸੀ ਸੁਰਜੀਤ ਸਿੰਘ ਤੇ ਉਸ ਦੇ ਪੁੱਤਰਾਂ ਮਨਦੀਪ ਸਿੰਘ, ਦਲਵੀਰ ਸਿੰਘ, ਅਮਰੀਕ ਸਿੰਘ, ਗੁਰਨੇਕ ਸਿੰਘ ਤੇ ਮਨਦੀਪ ਸਿੰਘ ’ਤੇ ਹਮਲੇ ਦੇ ਦੋਸ਼ ਲਾਏ ਹਨ।
ਇਹ ਵੀ ਪੜ੍ਹੋ : ਦਵਾਈ ਕੰਪਨੀਆਂ ਦੇ ਖਰਚੇ ‘ਤੇ ਵਿਦੇਸ਼ ‘ਚ ਸੈਰ ਨਹੀਂ ਕਰ ਸਕਣਗੇ ਡਾਕਟਰ, ਗਿਫਟ ‘ਤੇ ਵੀ ਸਰਕਾਰ ਦੀ ਰੋਕ’
ਜਸਵਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਥਾਣਾ ਟਾਂਡਾ ਦੀ ਪੁਲਿਸ ਨੇ ਸੁਰਜੀਤ ਸਿੰਘ, ਮਨਦੀਪ ਸਿੰਘ, ਦਲਵੀਰ ਸਿੰਘ, ਅਮਰੀਕ ਸਿੰਘ, ਗੁਰਨੇਕ ਸਿੰਘ, ਮਨਦੀਪ ਸਿੰਘ, ਮਨਦੀਪ ਦੇ ਸਾਲੇ ਸਮੇਤ 15 ਅਣਪਛਾਤੇ ਵਿਅਕਤੀਆਂ ਖਿਲਾਫ ਧਾਰਾ 323, 307 ਆਈ.ਪੀ.ਸੀ. ਆਈਪੀਸੀ, 458, 195-ਏ, 436, 511, 379-ਬੀ, 427, 148-149 ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੀੜਤ ਨੇ ਪੁਲਿਸ ਨੂੰ ਦੱਸਿਆ ਕਿ ਉਸਨੇ ਆਪਣੇ ਗੁਆਂਢੀ ‘ਤੇ ਹੋਏ ਜਾਨਲੇਵਾ ਹਮਲੇ ਸਬੰਧੀ ਅਦਾਲਤ ‘ਚ ਗਵਾਹੀ ਦਿੱਤੀ ਸੀ। ਜਿਸ ਕਾਰਨ ਉਸ ਦੀ ਉਨ੍ਹਾਂ ਨਾਲ ਰੰਜਿਸ਼ ਸੀ।
ਵੀਡੀਓ ਲਈ ਕਲਿੱਕ ਕਰੋ -: