ਅੰਮ੍ਰਿਤਸਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੜਕਾਂ ‘ਤੇ ਪਸ਼ੂਆਂ ਨੂੰ ਛੱਡਣ ਅਤੇ ਚਰਾਉਣ ਨੂੰ ਲੈ ਕੇ ਪਾਬੰਦੀ ਲਾ ਦਿੱਤੀ ਗਈ ਹੈ। ਅਕਸਰ ਵੇਖਣ ਵਿੱਚ ਆਉਂਦਾ ਹੈ ਕਿ ਪਸ਼ੂ ਪਾਲਕ ਤੇ ਚਰਵਾਹੇ ਆਪਣੇ ਪਸ਼ੂਆਂ ਨੂੰ ਚਾਰੇ ਲਈ ਬਾਹਰ ਸੜਕਾਂ ‘ਤੇ ਲਿਜਾਂਦੇ ਹਨ ਅਤੇ ਉਨ੍ਹਾਂ ਨੂੰ ਸੜਕ ਦੇ ਆਲੇ-ਦੁਆਲੇ ਚਰਨ ਲਈ ਖੁੱਲ੍ਹੇ ਵਿੱਚ ਛੱਡ ਦਿੱਤਾ ਜਾਂਦਾ ਹੈ, ਜਿਸ ਕਰਕੇ ਟ੍ਰੈਫਿਕ ਦੀ ਸਮੱਸਿਆ ਵੀ ਹੋ ਜਾਂਦੀ ਹੈ ਅਤੇ ਕਈ ਵਾਰ ਹਾਦਸੇ ਹੋਣ ਕਰਕੇ ਪਸ਼ੂਆਂ ਦਾ ਵੀ ਨੁਕਸਾਨ ਹੋ ਜਾਂਦਾ ਹੈ।
ਦੂਜੇ ਪਾਸੇ ਪਸ਼ੂਆਂ ਦੇ ਸੜਕਾਂ ‘ਤੇ ਚਰਾਉਣ ਕਰਕੇ ਸੜਕਾਂ ‘ਤੇ ਲੱਗੇ ਪੌਦੇ ਖਰਾਬ ਹੋ ਜਾਂਦੇ ਹਨ ਕਿਉਂਕਿ ਪਸ਼ੂ ਇਸ ਨੂੰ ਚਾਰੇ ਵਜੋਂ ਖਾ ਲੈਂਦੇ ਹਨ। ਇਨ੍ਹਾਂ ਪਸ਼ੂਆਂ ਵੱਲੋਂ ਕਈ ਵਾਰ ਕਿਸਾਨਾਂ ਦੀਆਂ ਫਸਲਾਂ ਦਾ ਵੀ ਨੁਕਸਾਨ ਕੀਤਾ ਜਾਂਦਾ ਹੈ। ਜਿਸ ਨਾਲ ਕਿਸਾਨਾਂ ਤੇ ਪਸ਼ੂਪਾਲਕਾਂ ਦੀ ਆਪਸ ਵਿੱਚ ਤਕਰਾਰ ਹੋਣ ਦਾ ਖਦਸ਼ਾ ਵੀ ਬਣਿਆ ਰਹਿੰਦਾ ਹੈ।
ਇਹ ਵੀ ਪੜ੍ਹੋ : ਉਤਰਾਖੰਡ ‘ਚ ਮੀਂਹ ਕਰਕੇ ਵਾਪਰਿਆ ਵੱਡਾ ਹਾਦਸਾ, ਡੂੰਘੀ ਖਾਈ ‘ਚ ਡਿੱਗੀ ਮੁਸਾਫਰਾਂ ਨਾਲ ਭਰੀ ਬੱਸ, ਕਈ ਜ਼ਖਮੀ
ਇਨ੍ਹਾਂ ਸਾਰੀਆਂ ਸਮੱਸਿਆਵਾਂ ਨੂੰ ਧਿਆਨ ਵਿੱਚ ਰਖਦੇ ਹੋਏ ਜ਼ਿਲ੍ਹਾ ਮੈਜਿਸਟ੍ਰੇਟ ਅੰਮ੍ਰਿਤਸਰ ਹਰਪ੍ਰੀਤ ਸਿੰਘ ਸੂਦਨ ਨੇ ਧਾਰਾ 144 ਅਧੀਨ ਸੜਕਾਂ ‘ਤੇ ਪਸ਼ੂਆਂ ਦੇ ਘੁੰਮਣ-ਫਿਰਨ ਅਤੇ ਚਾਰਨ ‘ਤੇ ਪਾਬੰਦੀ ਲਾ ਦਿੱਤੀ ਹੈ। ਲੋਕਾਂ ਨੂੰ ਇਨ੍ਹਾਂ ਹੁਕਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ। ਅੰਮ੍ਰਿਤਸਰ ਵਿੱਚ ਇਹ ਹੁਕਮ ਮਿਤੀ 6 ਅਗਸਤ ਤੋਂ ਤੁਰੰਤ ਲਾਗੂ ਕਰ ਦਿੱਤੇ ਗਏ ਹਨ ਅਤੇ 7 ਸਤੰਬਰ ਤੱਕ ਲਾਗੂ ਰਹਿਣਗੇ।
ਵੀਡੀਓ ਲਈ ਕਲਿੱਕ ਕਰੋ -: