ਆਉਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਢਾ ਦਾ ਕਾਰਜਕਾਲ ਜੂਨ 2024 ਤੱਕ ਵਧਾ ਦਿੱਤਾ ਗਿਆ ਹੈ। ਦਿੱਲੀ ‘ਚ ਹੋਈ ਭਾਜਪਾ ਦੀ ਰਾਸ਼ਟਰੀ ਪ੍ਰੀਸ਼ਦ ਨੇ ਵੀ ਇਸ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹਾਲਾਂਕਿ, ਨੱਢਾ ਦੇ ਕਾਰਜਕਾਲ ਦੇ ਵਿਸਥਾਰ ਦਾ ਐਲਾਨ ਪਿਛਲੇ ਮਹੀਨੇ ਹੀ ਕੀਤਾ ਗਿਆ ਸੀ। ਇਸ ਤੋਂ ਇਲਾਵਾ ਜੇਪੀ ਨੱਢਾ ਨੂੰ ਪਾਰਟੀ ਨਾਲ ਸਬੰਧਤ ਅਹਿਮ ਫੈਸਲੇ ਸੁਤੰਤਰ ਤੌਰ ’ਤੇ ਲੈਣ ਦਾ ਅਧਿਕਾਰ ਦਿੱਤਾ ਗਿਆ ਹੈ, ਜਿਸ ਨੂੰ ਬਾਅਦ ਵਿੱਚ ਸੰਸਦੀ ਬੋਰਡ ਦੀ ਮਨਜ਼ੂਰੀ ਲੈਣੀ ਪਵੇਗੀ।
ਸਾਲ 2019 ਵਿੱਚ ਜੇਪੀ ਨੱਢਾ ਨੂੰ ਭਾਜਪਾ ਦਾ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ ਸੀ। ਇਸ ਤੋਂ ਬਾਅਦ 2020 ‘ਚ ਉਨ੍ਹਾਂ ਨੇ ਪਾਰਟੀ ਦੇ ਫੁੱਲ ਟਾਈਮ ਪ੍ਰਧਾਨ ਦਾ ਅਹੁਦਾ ਸੰਭਾਲ ਲਿਆ। ਜੇਪੀ ਨੱਢਾ ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਭਾਜਪਾ ਦੇ ਪ੍ਰਧਾਨ ਸਨ। ਪ੍ਰਧਾਨ ਹੋਣ ਦੇ ਨਾਤੇ ਜੇਪੀ ਨੱਢਾ ‘ਤੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਜਿੱਤਣ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੋਵੇਗੀ। ਪਿਛਲੇ ਕੁਝ ਸਾਲਾਂ ‘ਚ ਨੱਢਾ ਦੇ ਕਾਰਜਕਾਲ ‘ਚ ਕਈ ਵਿਧਾਨ ਸਭਾ ਚੋਣਾਂ ਹੋਈਆਂ ਹਨ, ਜਿਨ੍ਹਾਂ ‘ਚ ਭਾਜਪਾ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਅਤੇ ਜਿੱਤ ਦਰਜ ਕੀਤੀ ਹੈ।
ਜਨਵਰੀ ਵਿੱਚ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਵਜੋਂ ਨੱਢਾ ਦੇ ਕਾਰਜਕਾਲ ਨੂੰ ਵਧਾਉਣ ਦਾ ਐਲਾਨ ਕਰਦੇ ਹੋਏ ਅਮਿਤ ਸ਼ਾਹ ਨੇ ਟਿੱਪਣੀ ਕੀਤੀ ਸੀ ਕਿ ਜੇਪੀ ਨੱਢਾ ਦੀ ਅਗਵਾਈ ਵਿੱਚ ਅਸੀਂ ਬਿਹਾਰ ਵਿੱਚ ਸਭ ਤੋਂ ਵੱਧ ਸਟ੍ਰਾਈਕ ਰੇਟ ਪ੍ਰਾਪਤ ਕੀਤੀ ਸੀ। ਮਹਾਰਾਸ਼ਟਰ ਵਿੱਚ ਐਨਡੀਏ ਨੇ ਬਹੁਮਤ ਹਾਸਲ ਕੀਤਾ, ਉੱਤਰ ਪ੍ਰਦੇਸ਼ ਵਿੱਚ ਜਿੱਤ ਪ੍ਰਾਪਤ ਕੀਤੀ ਅਤੇ ਪੱਛਮੀ ਬੰਗਾਲ ਵਿੱਚ ਸਾਡੀ ਗਿਣਤੀ ਵਧ ਗਈ। ਅਸੀਂ ਗੁਜਰਾਤ ਵਿੱਚ ਵੀ ਸ਼ਾਨਦਾਰ ਜਿੱਤ ਦਰਜ ਕੀਤੀ।
ਇਹ ਵੀ ਪੜ੍ਹੋ : ਤੀਜੇ ਟੈਸਟ ‘ਚ ਭਾਰਤ ਦੀ ਇਤਿਹਾਸਕ ਜਿੱਤ, ਇੰਗਲੈਂਡ ਨੂੰ 434 ਦੌੜਾਂ ਨਾਲ ਹਰਾਇਆ
ਇਸ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਪ੍ਰਧਾਨ ਜੇਪੀ ਨੱਢਾ ਨੇ ਸ਼ਨੀਵਾਰ ਨੂੰ ਕਿਹਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਤਾ ਸੰਭਾਲਣ ਤੋਂ ਬਾਅਦ ਪਾਰਟੀ ਨੇ ਤੇਜ਼ੀ ਨਾਲ ਤਰੱਕੀ ਕੀਤੀ ਹੈ। ਉਨ੍ਹਾਂ ਪਿਛਲੇ ਦਹਾਕੇ ਦੌਰਾਨ ਪ੍ਰਧਾਨ ਮੰਤਰੀ ਦੀ ਅਗਵਾਈ ਦੀ ਸ਼ਲਾਘਾ ਕੀਤੀ ਜੋ ਪਾਰਟੀ ਸੰਗਠਨ ਲਈ ਨਵੀਆਂ ਪ੍ਰਾਪਤੀਆਂ ਨਾਲ ਭਰਪੂਰ ਰਹੀ ਹੈ।