ਆਨਲਾਈਨ ਸ਼ਾਪਿੰਗ ਪਲੇਟਫਾਰਮ Amazon ਨੂੰ ਇੱਕ ਵਾਰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਟਵਿੱਟਰ ‘ਤੇ #Amazon_Insults_National_Flag ਟ੍ਰੈਂਡ ਕਰ ਰਿਹਾ ਹੈ। ਦਰਅਸਲ, ਐਮਾਜ਼ਾਨ ‘ਤੇ ਕਥਿਤ ਤੌਰ ‘ਤੇ ਭਾਰਤੀ ਝੰਡੇ ਦਾ ਅਪਮਾਨ ਕਰਨ ਦਾ ਦੋਸ਼ ਹੈ। ਦੋਸ਼ ਲਗਾਇਆ ਜਾ ਰਿਹਾ ਹੈ ਕਿ ਐਮਾਜ਼ਾਨ ਵੱਲੋਂ ਕਈ ਉਤਪਾਦਾਂ ਜਿਵੇਂ ਕਿ ਚਾਕਲੇਟ ਰੈਪਰ, ਫੇਸ ਮਾਸਕ, ਸਿਰੇਮਿਕ ਮੱਗ, ਕੱਪੜਿਆਂ ‘ਤੇ ਭਾਰਤੀ ਝੰਡੇ ਨੂੰ ਛਾਪਿਆ ਗਿਆ ਹੈ । ਜਿਸ ਕਾਰਨ ਸੋਸ਼ਲ ਮੀਡੀਆ ‘ਤੇ ਲੋਕਾਂ ਵਿੱਚ ਬਹੁਤ ਜ਼ਿਆਦਾ ਗੁੱਸਾ ਪਾਇਆ ਜਾ ਰਿਹਾ ਹੈ । ਲੋਕਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਤਿਰੰਗੇ ਦੀ ਵਰਤੋਂ ਕਰਨਾ ਦੇਸ਼ ਦੇ ਝੰਡੇ ਦਾ ਅਪਮਾਨ ਅਤੇ ਉਲੰਘਣਾ ਹੈ।
ਕਈ ਯੂਜ਼ਰਸ ਨੇ ਇਸ ਸਬੰਧੀ ਟਵੀਟ ਕਰਦਿਆਂ ਲਿਖਿਆ ਕਿ ਇਹ ਰਾਸ਼ਟਰੀ ਝੰਡੇ ਨਾਲ ਜੁੜੇ ਕੋਡ ਦੀ ਉਲੰਘਣਾ ਹੈ। ਇਸ ਕੋਡ ਦੇ ਅਨੁਸਾਰ ਰਾਸ਼ਟਰੀ ਝੰਡੇ ਦੀ ਵਰਤੋਂ ਕਿਸੇ ਪਹਿਰਾਵੇ ਜਾਂ ਵਰਦੀ ਦੇ ਹਿੱਸੇ ਵਜੋਂ ਨਹੀਂ ਕੀਤੀ ਜਾਵੇਗੀ। ਇਸ ਨੂੰ ਕੁਸ਼ਨ, ਰੁਮਾਲ, ਨੈਪਕਿਨ ਜਾਂ ਬਕਸੇ ‘ਤੇ ਕਢਾਈ ਜਾਂ ਪ੍ਰਿੰਟ ਨਹੀਂ ਕੀਤਾ ਜਾਣਾ ਚਾਹੀਦਾ ਹੈ।ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਐਮਾਜ਼ਾਨ ਤੋਂ ਇਸ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਚੁੱਕੀਆਂ ਹਨ। ਜਿਸ ਕਾਰਨ ਗੁੱਸੇ ਵਿੱਚ ਆਏ ਲੋਕਾਂ ਵੱਲੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ।
ਦੱਸ ਦੇਈਏ ਕਿ ਕੰਪਨੀ ਨੇ 73ਵੇਂ ਗਣਤੰਤਰ ਦਿਵਸ (ਅਮੇਜ਼ਨ ਰਿਪਬਲਿਕ ਡੇ ਸੇਲ) ਤੋਂ ਪਹਿਲਾਂ ਪਿਛਲੇ ਹਫਤੇ ਗਣਤੰਤਰ ਦਿਵਸ ਦੇ ਮੌਕੇ ‘ਤੇ ਸੇਲ ਚਲਾਈ ਸੀ। ਕੁਝ ਉਪਭੋਗਤਾਵਾਂ ਨੇ ਇਸ ਸੈੱਲ ‘ਤੇ ਅਜਿਹੇ ਜੁੱਤੇ ਅਤੇ ਕੱਪੜੇ ਵੇਚਣ ਦਾ ਦੋਸ਼ ਲਗਾਇਆ ਹੈ, ਜਿਸ ‘ਤੇ ਭਾਰਤੀ ਰਾਸ਼ਟਰੀ ਝੰਡਾ ਛਾਪਿਆ ਗਿਆ ਸੀ। ਜਦੋਂ ਐਮਾਜ਼ਾਨ ‘ਤੇ ਇਸ ਬਾਰੇ ਸਰਚ ਕੀਤੀ ਗਈ ਤਾਂ ਉੱਥੇ ਬਹੁਤ ਸਾਰੇ ਕੱਪੜੇ ਮਿਲੇ ਜਿਨ੍ਹਾਂ ‘ਤੇ ਤਿਰੰਗਾ ਛਾਪਿਆ ਹੋਇਆ ਸੀ।
ਗੌਰਤਲਬ ਹੈ ਕਿ ਇਸ ਤੋਂਬ ਪਹਿਲਾਂ ਵੀ 2019 ਵਿੱਚ Amazon ‘ਤੇ ਹਿੰਦੂ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਵਾਲੇ ਟਾਇਲਟ ਸੀਟ ਕਵਰ ਅਤੇ ਡੋਰਮੈਟ ਵੇਚਣ ਦਾ ਦੋਸ਼ ਲਗਾਇਆ ਗਿਆ ਸੀ। ਉਦੋਂ ਵੀ ਉਹੀ ਬਾਈਕਾਟ ਮੁਹਿੰਮ ਚੱਲ ਰਹੀ ਸੀ । ਇਸ ਤੋਂ ਪਹਿਲਾਂ 2017 ਵਿੱਚ ਵੀ ਐਮਾਜ਼ਾਨ ਦੀ ਕੈਨੇਡੀਅਨ ਵੈੱਬਸਾਈਟ ‘ਤੇ ਭਾਰਤੀ ਤਿਰੰਗੇ ਦੀ ਤਸਵੀਰ ਵਾਲੇ ਡੋਰਮੈਟ ਵੇਚਣ ਦਾ ਦੋਸ਼ ਲੱਗਿਆ ਸੀ।
ਵੀਡੀਓ ਲਈ ਕਲਿੱਕ ਕਰੋ -: