Anil ambani reliance group : ਦੇਸ਼ ਦੇ ਸਭ ਤੋਂ ਵੱਡੇ ਬੈਂਕ, ਸਟੇਟ ਬੈਂਕ ਆਫ਼ ਇੰਡੀਆ (ਐਸਬੀਆਈ) ਨੇ ਅਨਿਲ ਅੰਬਾਨੀ ਦੇ ਰਿਲਾਇੰਸ ਸਮੂਹ ਦੀਆਂ ਤਿੰਨ ਕੰਪਨੀਆਂ ਰਿਲਾਇੰਸ ਕਮਿਉਨੀਕੇਸ਼ਨ, ਰਿਲਾਇੰਸ ਟੈਲੀਕਾਮ ਅਤੇ ਰਿਲਾਇੰਸ ਇੰਫਰਾਟਲ ਦੇ ਖਾਤਿਆਂ ਨੂੰ ਦਿੱਲੀ ਹਾਈ ਕੋਰਟ ਵਿੱਚ ‘ਫਰੋਡ’ ਕਿਹਾ ਹੈ। ਬੈਂਕ ਨੇ ਅਦਾਲਤ ਨੂੰ ਦੱਸਿਆ ਕਿ ਉਨ੍ਹਾਂ ਦੇ ਆਡਿਟ ਦੌਰਾਨ ਫੰਡਾਂ ਦੀ ਦੁਰਵਰਤੋਂ, ਤਬਾਦਲਾ ਅਤੇ ਹੇਰਾ-ਫੇਰੀ ਸਾਹਮਣੇ ਆਈ ਹੈ, ਇਸ ਲਈ ਉਸ ਨੇ ਉਨ੍ਹਾਂ ਨੂੰ ‘ਧੋਖਾਧੜੀ’ ਦੀ ਸ਼੍ਰੇਣੀ ਵਿੱਚ ਰੱਖਿਆ ਹੈ। ਇਹ ਘਟਨਾ ਅਨਿਲ ਅੰਬਾਨੀ ਦੀ ਮੁਸ਼ਕਿਲ ਨੂੰ ਵਧਾ ਸਕਦੀ ਹੈ, ਕਿਉਂਕਿ ਹੁਣ ਐਸਬੀਆਈ ਇਸ ਮਾਮਲੇ ਵਿੱਚ ਬੈਂਕਿੰਗ ਧੋਖਾਧੜੀ ਸੰਬੰਧੀ ਸੀਬੀਆਈ ਜਾਂਚ ਦੀ ਮੰਗ ਕਰ ਸਕਦਾ ਹੈ। ਦਿੱਲੀ ਹਾਈ ਕੋਰਟ ਨੇ ਐਸਬੀਆਈ ਨੂੰ ਅਨਿਲ ਅੰਬਾਨੀ ਦੀਆਂ ਕੰਪਨੀਆਂ ਦੇ ਖਾਤਿਆਂ ਦੀ ਸਥਿਤੀ ਬਣਾਈ ਰੱਖਣ ਲਈ ਕਿਹਾ ਹੈ।
ਇੱਕ ਬੈਂਕ ਲੋਨ ਨੂੰ ‘ਧੋਖਾਧੜੀ’ ਓਦੋ ਘੋਸ਼ਿਤ ਕੀਤਾ ਜਾਂਦਾ ਹੈ ਜਦੋਂ ਇਹ ਇੱਕ ਗੈਰ-ਲਾਭਕਾਰੀ ਸੰਪਤੀ (ਐਨਪੀਏ) ਬਣ ਜਾਂਦਾ ਹੈ। ਐਸਬੀਆਈ ਨੇ ਅਦਾਲਤ ਨੂੰ ਦੱਸਿਆ ਕਿ ਉਸ ਨੇ ਆਡਿਟ ਦੌਰਾਨ ਫੰਡਾਂ ਦੀ ਦੁਰਵਰਤੋਂ, ਤਬਾਦਲਾ ਅਤੇ ਹੇਰਾ-ਫੇਰੀ ਤੋਂ ਬਾਅਦ ਹੀ ਇਨ੍ਹਾਂ ਕੰਪਨੀਆਂ ਦੇ ਕਰਜ਼ੇ ਦੇ ਖਾਤਿਆਂ ਨੂੰ ‘ਧੋਖਾਧੜੀ’ ਸ਼੍ਰੇਣੀ ਵਿੱਚ ਰੱਖਿਆ ਹੈ। ਨਿਯਮਾਂ ਦੇ ਅਨੁਸਾਰ, ਇੱਕ ਬੈਂਕ ਖਾਤੇ ਨੂੰ ‘ਧੋਖਾਧੜੀ’ ਘੋਸ਼ਿਤ ਕੀਤੇ ਜਾਣ ਤੋਂ ਬਾਅਦ ਇਸ ਬਾਰੇ ਸੱਤ ਦਿਨਾਂ ਦੇ ਅੰਦਰ ਰਿਜ਼ਰਵ ਬੈਂਕ ਆਫ ਇੰਡੀਆ (ਆਰਬੀਆਈ) ਨੂੰ ਸੂਚਿਤ ਕਰਨਾ ਹੋਵੇਗਾ। ਜੇ ਇਹ ਕੇਸ ਇੱਕ ਕਰੋੜ ਰੁਪਏ ਤੋਂ ਵੱਧ ਦੀ ਧੋਖਾਧੜੀ ਦਾ ਹੈ ਤਾਂ ਰਿਜ਼ਰਵ ਬੈਂਕ ਨੂੰ ਜਾਣਕਾਰੀ ਦੇਣ ਦੇ 30 ਦਿਨਾਂ ਦੇ ਅੰਦਰ ਅੰਦਰ ਸੀਬੀਆਈ ਕੋਲ ਐਫਆਈਆਰ ਦਰਜ ਕਰਵਾਉਣੀ ਹੁੰਦੀ ਹੈ। ਸੂਤਰਾਂ ਅਨੁਸਾਰ ਅਨਿਲ ਅੰਬਾਨੀ ਦੀਆਂ ਤਿੰਨ ਕੰਪਨੀਆਂ ਦਾ ਬੈਂਕਾਂ ‘ਤੇ 49,000 ਕਰੋੜ ਰੁਪਏ ਤੋਂ ਵੱਧ ਦਾ ਬਕਾਇਆ ਹੈ। ਇਸ ਵਿੱਚੋਂ 12,000 ਕਰੋੜ ਰੁਪਏ ਰਿਲਾਇੰਸ ਇੰਫਰਾਟਲ ਤੇ 24,000 ਕਰੋੜ ਰੁਪਏ ਰਿਲਾਇੰਸ ਟੈਲੀਕਾਮ ਦੇ ਬਕਾਏ ਹਨ।