ਕਦੇ ਦੁਨੀਆ ਦੇ ਸਭ ਤੋਂ ਅਮੀਰ ਸ਼ਖਸ ਰਹੇ ਐਲਨ ਮਸਕ ਹੁਣ ਚੋਟੀ ਦੇ10 ਅਰਬਪਤੀਆਂ ਦੀ ਸੂਚੀ ਵਿੱਚ ਦੂਜੇ ਨੰਬਰ ‘ਤੇ ਆ ਗਏ ਹਨ। ਫੋਰਬਸ ਦੇ ਅਨੁਸਾਰ ਬਰਨਾਰਡ ਅਰਨੋਲਟ ਨੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਦੇ ਰੂਪ ਵਿੱਚ ਐਲਨ ਮਸਕ ਨੂੰ ਪਛਾੜ ਦਿੱਤਾ ਹੈ। ਬਰਨਾਰਡ ਅਰਨੋਲਟ ਹੁਣ ਦੁਨੀਆ ਦੇ ਸਭ ਤੋਂ ਅਮੀਰ ਸ਼ਖਸ ਹਨ। ਇਸ ਸੂਚੀ ਵਿੱਚ ਸਭ ਤੋਂ ਤੀਜੇ ਨੰਬਰ ‘ਤੇ ਏਸ਼ੀਆ ਅਤੇ ਭਾਰਤ ਦੇ ਅਮੀਰ ਵਿਅਕਤੀ ਗੌਤਮ ਅਡਾਨੀ ਹਨ।
ਫੋਰਬਸ ਦੇ ਅਨੁਸਾਰ ਵਿਸ਼ਵ ਦੇ ਪ੍ਰਮੁੱਖ ਲਗਜ਼ਰੀ ਪ੍ਰੋਡਕਟ ਗਰੁੱਪ ਲੁਈਸ ਵਿਟਾਨ ਮੋਏਟ ਹੈਨੇਸੀ ਦੇ ਸੀਈਓ ਬਰਨਾਰਡ ਅਰਨੌਲਟ ਦੀ ਕੁੱਲ ਜਾਇਦਾਦ 188.5 ਬਿਲੀਅਨ ਡਾਲਰ ਹੋ ਗਈ ਹੈ,ਜਦੋਂ ਕਿ 51 ਸਾਲਾ ਐਲਨ ਮਸਕ ਦੀ ਸੰਪਤੀ ਜਨਵਰੀ ਤੋਂ ਹੁਣ ਤੱਕ 100 ਬਿਲੀਅਨ ਡਾਲਰ ਤੋਂ ਵੱਧ ਘਟ ਕੇ 177.7 ਅਰਬ ਡਾਲਰ ਹੋ ਗਈ ਹੈ। ਫੋਰਬਸ ਦੇ ਅਨੁਸਾਰ ਬਰਨਾਰਡ ਅਰਨੌਲਟ ਲੁਈਸ ਵਿਟਾਨ ਅਤੇ ਸੇਪੋਰਾ ਸਮੇਤ ਲਗਭਗ 70 ਫੈਸ਼ਨ ਅਤੇ ਸੁੰਦਰਤਾ ਬ੍ਰਾਂਡਸ ਦੇ LVMH ਇਮਪਾਇਰ ਦੀ ਦੇਖਰੇਖ ਕਰਦੇ ਹਨ।
ਇਹ ਵੀ ਪੜ੍ਹੋ: ਮੈਲਬੋਰਨ : ਸੜਕ ਹਾਦਸੇ ‘ਚ ਮੋਗਾ ਦੇ ਸੁਖਦੀਪ ਸਿੰਘ ਦੀ ਮੌਤ, ਫਰਵਰੀ ‘ਚ ਆਉਣਾ ਸੀ ਭਾਰਤ
ਟੇਸਲਾ ਅਤੇ ਸਪੇਸ-ਐਕਸ ਦੇ ਮਾਲਕ ਐਲਨ ਮਸਕ ਨੇ ਇਸੇ ਸਾਲ ਅਪ੍ਰੈਲ ਵਿੱਚ ਟਵਿੱਟਰ ਨੂੰ 44 ਬਿਲੀਅਨ ਡਾਲਰ ਵਿੱਚ ਖਰੀਦਿਆ ਸੀ। ਮਸਕ ਨੇ ਮਹੀਨਿਆਂ ਲਈ ਟਵਿੱਟਰ ਸੌਦੇ ਤੋਂ ਪਿੱਛੇ ਹਟਣ ਦੀ ਕੋਸ਼ਿਸ਼ ਕੀਤੀ ਪਰ ਅਸਫਲ ਰਿਹਾ। ਫੋਰਬਸ ਦੀ ਰੀਅਲ-ਟਾਈਮ ਅਰਬਪਤੀਆਂ ਦੀ ਸੂਚੀ ਦੇ ਅਨੁਸਾਰ ਦੋ ਭਾਰਤੀਆਂ ਨੇ ਦੁਨੀਆ ਦੇ ਚੋਟੀ ਦੇ ਦਸ ਸਭ ਤੋਂ ਅਮੀਰ ਲੋਕਾਂ ਦੀ ਸੂਚੀ ਵਿੱਚ ਜਗ੍ਹਾ ਬਣਾਈ ਹੈ। ਗੌਤਮ ਅਡਾਨੀ ਜਿੱਥੇ ਤੀਜੇ ਸਥਾਨ ‘ਤੇ ਹਨ ਤਾਂ ਉੱਥੇ ਹੀ ਮੁਕੇਸ਼ ਅੰਬਾਨੀ ਜਿਨ੍ਹਾਂ ਦੀ ਮੌਜੂਦਾ ਜਾਇਦਾਦ 92.5 ਬਿਲੀਅਨ ਡਾਲਰ ਹੈ, ਜਿਸ ਕਾਰਨ ਉਹ ਸੂਚੀ ਵਿੱਚ ਅੱਠਵੇਂ ਸਥਾਨ ‘ਤੇ ਹੈ। ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਗੌਤਮ ਅਡਾਨੀ ਦੀ ਕੁੱਲ ਜਾਇਦਾਦ 134 ਬਿਲੀਅਨ ਡਾਲਰ ਹੋ ਗਈ ਹੈ।
ਦੱਸ ਦੇਈਏ ਕਿ ਇਸ ਸੂਚੀ ਵਿੱਚ ਛੇ ਲੋਕ ਅਮਰੀਕਾ ਦੇ ਹਨ, ਜਦੋਂ ਕਿ ਇੱਕ-ਇੱਕ ਫਰਾਂਸ ਅਤੇ ਮੈਕਸੀਕੋ ਤੋਂ ਹੈ । ਐਮਾਜ਼ਾਨ ਦੇ ਸੰਸਥਾਪਕ ਜੈਫ ਬੇਜੋਸ ਇਸ ਸੂਚੀ ਵਿੱਚ ਚੌਥੇ ਨੰਬਰ ‘ਤੇ ਹੈ । ਉਸ ਦੀ ਕੁੱਲ ਜਾਇਦਾਦ ਵਧ ਕੇ 116.17 ਅਰਬ ਡਾਲਰ ਹੋ ਗਈ ਹੈ । ਅਨੁਭਵੀ ਨਿਵੇਸ਼ਕ ਵਾਰੇਨ ਬਫੇ 108.5 ਬਿਲੀਅਨ ਡਾਲਰ ਦੀ ਜਾਇਦਾਦ ਦੇ ਨਾਲ ਇਸ ਸੂਚੀ ਵਿੱਚ ਪੰਜਵੇਂ ਨੰਬਰ ‘ਤੇ ਹਨ। ਬਿਲ ਗੇਟਸ 107.4 ਬਿਲੀਅਨ ਡਾਲਰ ਦੀ ਜਾਇਦਾਦ ਨਾਲ ਛੇਵੇਂ ਸਥਾਨ ‘ਤੇ ਹਨ। ਲੈਰੀ ਐਲੀਸਨ 105.7 ਅਰਬ ਡਾਲਰ ਦੇ ਨਾਲ ਸੱਤਵੇਂ ਨੰਬਰ, ਕਾਰਲੋਸ ਸਲਿਮ ਹੇਲੂ 81.8 ਬਿਲੀਅਨ ਡਾਲਰ ਦੀ ਸੰਪਤੀ ਨਾਲ ਨੌਵੇਂ ਸਥਾਨ ‘ਤੇ ਅਤੇ ਸਟੀਵ ਬਾਲਮਰ ਇਸ ਸੂਚੀ ਵਿੱਚ 10ਵੇਂ ਨੰਬਰ ‘ਤੇ ਮੌਜੂਦ ਹਨ।
ਵੀਡੀਓ ਲਈ ਕਲਿੱਕ ਕਰੋ -: