ਕੋਰੋਨਾਵਾਇਰਸ ਮਹਾਂਮਾਰੀ ਦੌਰਾਨ, ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਸੰਕਟ ਨਾਲ ਜੂਝ ਰਹੇ ਹਜ਼ਾਰਾਂ ਮਜ਼ਦੂਰਾਂ ਅਤੇ ਲੋੜਵੰਦ ਤਬਕਿਆਂ ਨੂੰ ਵੱਡੀ ਰਾਹਤ ਦਿੱਤੀ ਹੈ। ਸਰਕਾਰ ਨੇ ਦਿੱਲੀ ਦੇ ਅਕੁਸ਼ਲ, ਅਰਧ ਕੁਸ਼ਲ ਅਤੇ ਹੋਰ ਮਜ਼ਦੂਰਾਂ ਦਾ ਮਹਿੰਗਾਈ ਭੱਤਾ ਵਧਾਉਣ ਦਾ ਆਦੇਸ਼ ਜਾਰੀ ਕੀਤਾ ਹੈ।
ਇਹ ਆਰਡਰ 1 ਅਪ੍ਰੈਲ ਤੋਂ ਲਾਗੂ ਮੰਨਿਆ ਜਾਵੇਗਾ। ਦਿੱਲੀ ਦੇ ਉਪ ਮੁੱਖ ਮੰਤਰੀ ਅਤੇ ਕਿਰਤ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਸਾਰੇ ਅਕੁਸ਼ਲ, ਅਰਧ ਕੁਸ਼ਲ ਅਤੇ ਹੋਰ ਮਜ਼ਦੂਰਾਂ ਦਾ ਮਹਿੰਗਾਈ ਭੱਤਾ ਵਧਾਉਣ ਦਾ ਆਦੇਸ਼ ਜਾਰੀ ਕੀਤਾ ਗਿਆ ਹੈ। ਇਸਦੇ ਨਾਲ ਹੀ ਉਪ ਮੁੱਖ ਮੰਤਰੀ ਨੇ ਹਰੇਕ ਨੂੰ ਵਧਾਈ ਗਈ ਦਰ ਨਾਲ ਅਦਾਇਗੀ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਵੀ ਦਿੱਤੇ ਹਨ। ਉਨ੍ਹਾਂ ਕਿਹਾ ਕਿ ਕਲੈਰੀਕਲ ਅਤੇ ਸੁਪਰਵਾਈਜ਼ਰ ਕਲਾਸ ਦੇ ਕਰਮਚਾਰੀਆਂ ਨੂੰ ਵੀ ਇਸਦਾ ਲਾਭ ਮਿਲੇਗਾ।
ਉਪ ਮੁੱਖ ਮੰਤਰੀ (ਮਨੀਸ਼ ਸਿਸੋਦੀਆ) ਨੇ ਕਿਹਾ ਕਿ ਗਰੀਬ ਅਤੇ ਮਜ਼ਦੂਰ ਵਰਗ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਇਹ ਵੱਡਾ ਕਦਮ ਚੁੱਕਿਆ ਗਿਆ ਹੈ। ਸੰਗਠਿਤ ਖੇਤਰ ਦੇ ਅਜਿਹੇ ਕਾਮਿਆਂ ਲਈ ਮਹਿੰਗਾਈ ਭੱਤਾ ਨਹੀਂ ਰੋਕਿਆ ਜਾ ਸਕਦਾ, ਜਿਨ੍ਹਾਂ ਨੂੰ ਆਮ ਤੌਰ ‘ਤੇ ਸਿਰਫ ਘੱਟੋ ਘੱਟ ਉਜਰਤ ਮਿਲਦੀ ਹੈ।
ਅਜਿਹੇ ਮਜ਼ਦੂਰਾਂ ਨੂੰ ਲਾਭ ਦੇਣ ਲਈ, ਦਿੱਲੀ ਸਰਕਾਰ ਨੇ ਮਹਿੰਗਾਈ ਭੱਤਾ ਜੋੜ ਕੇ ਨਵੀਂ ਘੱਟੋ ਘੱਟ ਉਜਰਤ ਦਾ ਐਲਾਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਘੋਸ਼ਣਾ ਤੋਂ ਬਾਅਦ ਅਕੁਸ਼ਲ ਮਜ਼ਦੂਰਾਂ ਦੀ ਮਾਸਿਕ ਤਨਖਾਹ 15492 ਰੁਪਏ ਤੋਂ ਵਧਾ ਕੇ 15908 ਰੁਪਏ, ਅਰਧ ਹੁਨਰਮੰਦ ਕਾਮਿਆਂ ਲਈ 17069 ਰੁਪਏ ਤੋਂ ਵਧਾ ਕੇ 17537 ਰੁਪਏ ਅਤੇ ਹੁਨਰਮੰਦ ਕਾਮਿਆਂ ਦੀ 18,797 ਰੁਪਏ ਤੋਂ ਵਧਾ ਕੇ 19291 ਰੁਪਏ ਕਰ ਦਿੱਤਾ ਗਿਆ ਹੈ। ਇਨ੍ਹਾਂ ਤੋਂ ਇਲਾਵਾ ਸੁਪਰਵਾਈਜ਼ਰ ਅਤੇ ਕਲੈਰੀਕਲ ਕਰਮਚਾਰੀਆਂ ਦੀਆਂ ਘੱਟੋ ਘੱਟ ਉਜਰਤਾਂ ਦੀ ਦਰ ਵਿਚ ਵੀ ਵਾਧਾ ਕੀਤਾ ਗਿਆ ਹੈ।