ਪੇਟੀਐੱਮ ਦੇ ਆਈ. ਪੀ. ਓ. ਨੂੰ ਭਾਰਤੀ ਸਕਿਓਰਿਟੀ ਤੇ ਐਕਸਚੇਂਜ ਬੋਰਡ (ਸੇਬੀ) ਵੱਲੋਂ ਹਰੀ ਝੰਡੀ ਮਿਲ ਗਈ ਹੈ। ਹੁਣ ਜਲਦ ਹੀ ਕੰਪਨੀ ਆਪਣਾ ਆਈ. ਪੀ. ਓ. ਲੈ ਕੇ ਆ ਸਕਦੀ ਹੈ। ਰਿਪੋਰਟਾਂ ਦਾ ਕਹਿਣਾ ਹੈ ਕਿ ਇਸ ਆਈ. ਪੀ. ਓ. ਜ਼ਰੀਏ ਪੇਟੀਐੱਮ ਦੀ 16,000 ਕਰੋੜ ਰੁਪਏ ਜੁਟਾਉਣ ਦੀ ਯੋਜਨਾ ਹੈ।
ਪੇਟੀਐੱਮ ਦਾ ਆਈ. ਪੀ. ਓ. ਨਵੰਬਰ ਦੇ ਮੱਧ ਵਿਚ ਸ਼ੇਅਰ ਬਾਜ਼ਾਰ ਵਿਚ ਲਿਸਟ ਹੋ ਸਕਦਾ ਹੈ। ਇਹ ਹੁਣ ਤੱਕ ਦਾ ਸਭ ਤੋਂ ਵੱਡਾ ਆਈ. ਪੀ. ਓ. ਹੋਵੇਗਾ। ਹੁਣ ਤੱਕ ਇਹ ਰਿਕਾਰਡ ਕੋਲ ਇੰਡੀਆ ਦੇ ਨਾਮ ਸੀ, ਜੋ 2010 ਵਿਚ 15,000 ਕਰੋੜ ਰੁਪਏ ਦੇ ਆਈ. ਪੀ. ਓ. ਨਾਲ ਬਾਜ਼ਾਰ ਵਿਚ ਆਈ ਸੀ। ਗੌਰਤਲਬ ਹੈ ਕਿ ਆਈ. ਪੀ. ਓ. ਵਿਚ ਸ਼ੇਅਰਾਂ ਦੇ ਇਕ ਲਾਟ ਲਈ ਘੱਟੋ-ਘੱਟ 14,500 ਤੋਂ 15,000 ਰੁਪਏ ਤੱਕ ਦਾ ਨਿਵੇਸ਼ ਕਰਨਾ ਪੈਂਦਾ ਹੈ। ਪੇਟੀਐੱਮ 8,300 ਕਰੋੜ ਰੁਪਏ ਦੇ ਤਾਜ਼ਾ ਇਕੁਇਟੀ ਸ਼ੇਅਰ ਜਾਰੀ ਕਰੇਗੀ। ਉੱਥੇ ਹੀ, ਬਾਕੀ ਰਕਮ ਆਫਰ ਫਾਰ ਸੇਲ (ਓ. ਐੱਫ. ਐੱਸ.) ਜ਼ਰੀਏ ਜੁਟਾਏਗੀ।
ਪ੍ਰਸਤਾਵਿਤ ਓ. ਐੱਫ. ਐੱਸ. ਤਹਿਤ ਪੇਟੀਐੱਮ ਦੇ ਸੰਸਥਾਪਕ ਅਤੇ ਐੱਮ. ਡੀ. ਤੇ ਸੀ. ਈ. ਓ. ਵਿਜੇ ਸ਼ੇਖਰ ਸ਼ਰਮਾ ਅਤੇ ਅਲੀਬਾਬਾ ਗਰੁੱਪ ਆਪਣੀ ਕੁਝ ਹਿੱਸੇਦਾਰੀ ਵੇਚਣਗੇ।
ਬਾਜ਼ਾਰ ਜਾਣਕਾਰਾਂ ਮੁਤਾਬਕ, ਅਨਲਿਸਟਡ ਮਾਰਕੀਟ ਵਿਚ ਪੇਟੀਐੱਮ ਇਸ ਸਮੇਂ 3,300-3,400 ਰੁਪਏ ‘ਤੇ ਟ੍ਰੇਡ ਕਰ ਰਿਹਾ ਹੈ। ਹਾਲਾਂਕਿ, ਇਹ ਸੁਸਤ ਰਫਤਾਰ ਹੈ ਪਰ ਉਮੀਦ ਕੀਤੀ ਜਾ ਰਹੀ ਹੈ ਕਿ ਆਈ. ਪੀ. ਓ. ਦਾ ਪ੍ਰਾਈਸ ਬੈਂਡ ਅਨਲਿਸਟਡ ਮਾਰਕੀਟ ਵਿਚ ਚੱਲ ਰਹੀਆਂ ਕੀਮਤਾਂ ਤੋਂ ਘੱਟ ਹੋਵੇਗਾ। ਇਕ ਰਿਪੋਰਟ ਮੁਤਾਬਕ, ਪੇਟੀਐੱਮ ਆਈ. ਪੀ. ਓ. ਤੋਂ ਮਿਲੀ ਰਕਮ ਦਾ ਇਸਤੇਮਾਲ ਆਪਣੇ ਮੌਜੂਦਾ ਕਾਰੋਬਾਰ ਨੂੰ ਵਧਾਉਣ ਅਤੇ ਨਵੇਂ ਵਪਾਰੀ ਤੇ ਗਾਹਕਾਂ ਨੂੰ ਆਪਣੇ ਨੈੱਟਵਰਕ ‘ਤੇ ਜੋੜਨ ਲਈ ਕਰੇਗੀ।
ਵੀਡੀਓ ਲਈ ਕਲਿੱਕ ਕਰੋ -: