ਵੱਧਦੀ ਮਹਿੰਗਾਈ ਦਰਮਿਆਨ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਅੱਜ ਕੇਂਦਰੀ ਬੈਂਕ ਦੀਆਂ ਮੁਦਰਾ ਨੀਤੀਆਂ ਦਾ ਐਲਾਨ ਕੀਤਾ ਹੈ। ਕੇਂਦਰੀ ਬੈਂਕ ਨੇ ਰੈਪੋ ਰੇਟ ਵਿੱਚ ਕੋਈ ਬਦਲਾਅ ਨਹੀਂ ਕੀਤਾ ਹੈ। ਇਸ ਨੂੰ 4 ਫ਼ੀਸਦੀ ‘ਤੇ ਰੱਖਿਆ ਗਿਆ ਹੈ।
ਕੇਂਦਰੀ ਬੈਂਕ ਨੇ ਲਗਾਤਾਰ 8 ਵੀਂ ਵਾਰ ਨੀਤੀਗਤ ਵਿਆਜ ਦਰਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਹੈ। ਦਾਸ ਨੇ ਕਿਹਾ ਕਿ ਕਮੇਟੀ ਨੇ ਸਰਬਸੰਮਤੀ ਨਾਲ ਨੀਤੀਗਤ ਦਰਾਂ ਨੂੰ ਨਾ ਬਦਲਣ ਦਾ ਫੈਸਲਾ ਕੀਤਾ ਹੈ। ਵਿੱਤੀ ਸਾਲ 2021-22 ਦੀ ਦੂਜੀ ਤਿਮਾਹੀ ਵਿੱਚ ਮੁਦਰਾ ਸਮੀਖਿਆ ਨੀਤੀ ਮੀਟਿੰਗ ਤੋਂ ਬਾਅਦ, ਆਰਬੀਆਈ ਗਵਰਨਰ ਨੇ ਇਸ ਵਿੱਚ ਲਏ ਗਏ ਫੈਸਲਿਆਂ ਬਾਰੇ ਜਾਣਕਾਰੀ ਦਿੱਤੀ ਹੈ। ਆਰਬੀਆਈ ਦੀ ਐਮਪੀਸੀ ਮੀਟਿੰਗ 6 ਅਕਤੂਬਰ ਨੂੰ ਸ਼ੁਰੂ ਹੋਈ ਸੀ। ਇਸ ਵੇਲੇ ਰੈਪੋ ਰੇਟ 4 ਫੀਸਦੀ ਅਤੇ ਰਿਵਰਸ ਰੇਪੋ ਰੇਟ 3.35 ਫੀਸਦੀ ਹੈ। ਆਰਬੀਆਈ ਨੇ ਆਖਰੀ ਵਾਰ ਪਿਛਲੇ ਸਾਲ ਮਈ 2020 ਵਿੱਚ ਰੈਪੋ ਰੇਟ ਨੂੰ ਬਦਲਿਆ ਸੀ। ਫਿਰ ਰੈਪੋ ਰੇਟ ਵਿੱਚ 40 ਬੀਪੀਐਸ (0.40 ਫ਼ੀਸਦੀ) ਦੀ ਕਟੌਤੀ ਕੀਤੀ ਗਈ, ਜਿਸ ਤੋਂ ਬਾਅਦ ਰੈਪੋ ਰੇਟ ਘੱਟ ਕੇ 4 ਫ਼ੀਸਦੀ ਹੋ ਗਿਆ।
ਦਾਸ ਨੇ ਕਿਹਾ ਕਿ ਪਿਛਲੀ ਐਮਪੀਸੀ ਮੀਟਿੰਗ ਦੇ ਮੁਕਾਬਲੇ ਦੇਸ਼ ਅੱਜ ਬਿਹਤਰ ਸਥਿਤੀ ਵਿੱਚ ਹੈ। ਵਿਕਾਸ ਦੇ ਮਜ਼ਬੂਤ ਸੰਕੇਤ ਹਨ ਅਤੇ ਮਹਿੰਗਾਈ ਦਾ ਰੁਝਾਨ ਉਮੀਦ ਨਾਲੋਂ ਬਿਹਤਰ ਹੈ। ਸਮੁੱਚੀ ਮੰਗ ਵਿੱਚ ਸੁਧਾਰ ਹੋ ਰਿਹਾ ਹੈ ਪਰ ਕੁੱਝ ਸੁਸਤ ਹੈ। ਮਹਿੰਗਾਈ ਬਾਰੇ ਉਨ੍ਹਾਂ ਕਿਹਾ ਕਿ ਇਹ ਆਰਬੀਆਈ ਦੇ ਅਨੁਮਾਨਾਂ ਤੋਂ ਘੱਟ ਹੈ ਪਰ ਮੁੱਖ ਮਹਿੰਗਾਈ ਚਿੰਤਾਜਨਕ ਹੈ। ਮਹਿੰਗਾਈ ਨੂੰ ਕਾਬੂ ਵਿੱਚ ਰੱਖਣ ਲਈ ਪੈਟਰੋਲ ਅਤੇ ਡੀਜ਼ਲ ਉੱਤੇ ਟੈਕਸ ਵਿੱਚ ਕਟੌਤੀ ਕੀਤੀ ਜਾਣੀ ਚਾਹੀਦੀ ਹੈ। ਜ਼ਿਕਰਯੋਗ ਹੈ ਕਿ ਦੇਸ਼ ‘ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ’ ਚ ਹਾਲ ਹੀ ‘ਚ ਕਾਫੀ ਵਾਧਾ ਹੋਇਆ ਹੈ। ਜ਼ਿਆਦਾਤਰ ਸ਼ਹਿਰਾਂ ਵਿੱਚ ਪੈਟਰੋਲ ਦੀ ਕੀਮਤ 100 ਰੁਪਏ ਪ੍ਰਤੀ ਲੀਟਰ ਨੂੰ ਪਾਰ ਕਰ ਗਈ ਹੈ ਜਦਕਿ ਡੀਜ਼ਲ ਵੀ ਉਸੇ ਦਿਸ਼ਾ ਵਿੱਚ ਅੱਗੇ ਵੱਧ ਰਿਹਾ ਹੈ।