ਪਿਛਲੇ ਸਾਲ ਕੋਰੋਨਾ ਮਹਾਮਾਰੀ ਕਾਰਨ ਅਰਥਵਿਵਸਥਾ ਠੱਪ ਹੋਣ ਵਿਚਕਾਰ ਸੋਨੇ ਦੀ ਕੀਮਤ 56,200 ਰੁਪਏ ਪ੍ਰਤੀ ਦਸ ਗ੍ਰਾਮ ਹੋ ਗਈ ਸੀ। ਉੱਥੇ ਹੀ, ਇਸ ਸਾਲ ਕੀਮਤਾਂ ਵਿੱਚ ਓਨੀ ਤੇਜ਼ੀ ਤਾਂ ਨਹੀਂ ਆਈ ਪਰ ਹੁਣ ਓਮੀਕਰੋਨ ਕਾਰਨ ਨਿਵੇਸ਼ਕਾਂ ਦੀ ਚਿੰਤਾ ਫਿਰ ਵੱਧ ਗਈ ਹੈ।
ਨਿਵੇਸ਼ਕ ਇਕੁਇਟੀ ਯਾਨੀ ਸ਼ੇਅਰ ਬਾਜ਼ਾਰਾਂ ਵਿੱਚੋਂ ਪੈਸਾ ਕੱਢ ਰਹੇ ਹਨ ਅਤੇ ਹੋਰ ਸੁਰੱਖਿਅਤ ਥਾਵਾਂ ‘ਤੇ ਲਾਉਣ ਲੱਗੇ ਹਨ। ਇਸ ਦੀ ਵਜ੍ਹਾ ਇਹ ਹੈ ਕਿ ਜੇਕਰ ਦੇਸ਼ ਪਾਬੰਦੀਆਂ ਲਾਉਂਦੇ ਹਨ ਤਾਂ ਕੰਪਨੀਆਂ ਦੇ ਮੁਨਾਫੇ ‘ਤੇ ਅਸਰ ਹੋਵੇਗਾ, ਲਿਹਾਜਾ ਨਿਵੇਸ਼ਕ ਇਹ ਰਿਸਕ ਨਹੀਂ ਲੈਣਾ ਚਾਹੁੰਦੇ। ਸੋਨੇ ਦੀ ਕੀਮਤ ਮਲਟੀ ਕਮੋਡਿਟੀ ਐਕਸਚੇਂਜ ‘ਤੇ ਪਿਛਲੇ ਕਾਰੋਬਾਰੀ ਦਿਨ 47,960 ਰੁਪਏ ਪ੍ਰਤੀ ਦਸ ਗ੍ਰਾਮ ‘ਤੇ ਬੰਦ ਹੋਈ ਸੀ, ਜਦੋਂ ਕਿ ਸੋਮਵਾਰ ਨੂੰ ਇਹ 48 ਹਜ਼ਾਰ ਰੁਪਏ ਦਾ ਪੱਧਰ ਪਾਰ ਕਰਦੇ ਹੋਏ 48,348 ਰੁਪਏ ਪ੍ਰਤੀ 10 ਗ੍ਰਾਮ ਤੱਕ ਨੂੰ ਛੂਹ ਗਈ।
ਉੱਥੇ ਹੀ, ਚਾਂਦੀ ਵੀ ਇਸ ਦੌਰਾਨ 63,747 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਗਈ, ਬੀਤੇ ਕਾਰੋਬਾਰੀ ਦਿਨ ਇਹ 62,965 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਬੰਦ ਹੋਈ ਸੀ। ਬਹੁਮੁੱਲੀ ਧਾਤਾਂ ਦੀ ਕੀਮਤ ਵਿੱਚ ਹਾਲ ਹੀ ਦੀ ਤੇਜ਼ੀ ਓਮੀਕਰੋਨ ਕਾਰਨ ਆਈ ਹੈ। ਨੀਦਰਲੈਂਡ, ਡੈਨਮਾਰਕ ਅਤੇ ਆਸਟ੍ਰੇਲੀਆ ਤੇ ਹੋਰ ਕਈ ਦੇਸ਼ਾਂ ਵਿੱਚ ਕੋਰੋਨਾ ਦਾ ਇਹ ਨਵਾਂ ਰੂਪ ਮਿਲ ਚੁੱਕਾ ਹੈ, ਜਿਸ ਕਾਰਨ ਕਈ ਦੇਸ਼ਾਂ ਨੇ ਯਾਤਰਾ ਪਾਬੰਦੀਆਂ ਵਧਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਵਿਚਾਲੇ ਨਿਵੇਸ਼ਕ ਸੋਨੇ ਵਿੱਚ ਪੈਸਾ ਲਾ ਰਹੇ ਹਨ ਅਤੇ ਜੇਕਰ ਇਹ ਹਾਲਾਤ ਜਲਦ ਕਾਬੂ ਨਾ ਹੋਏ ਤਾਂ ਸੋਨੇ ਦੀ ਕੀਮਤ 50,000 ਰੁਪਏ ਪ੍ਰਤੀ ਦਸ ਗ੍ਰਾਮ ਦਾ ਪੱਧਰ ਜਲਦ ਪਾਰ ਕਰ ਸਕਦੀ ਹੈ। ਉੱਥੇ ਹੀ, ਪਿਛਲੇ ਸਾਲ ਨਾਲੋਂ ਕੀਮਤਾਂ ਘੱਟ ਹੋਣ ਵਿਚਕਾਰ ਵਿਆਹਾਂ ਦਾ ਸੀਜ਼ਨ ਹੋਣ ਕਾਰਨ ਭਾਰਤ ਵਿੱਚ ਸੋਨੇ ਦੀ ਖ਼ਰੀਦਦਾਰੀ ਵਧਣ ਦੀ ਸੰਭਾਵਨਾ ਹੈ, ਜਿਸ ਨਾਲ ਕੀਮਤਾਂ ਨੂੰ ਹੋਰ ਹੁਲਾਰਾ ਮਿਲੇਗਾ।
ਵੀਡੀਓ ਲਈ ਕਲਿੱਕ ਕਰੋ -: