Us election impact on stock market: ਅਮਰੀਕੀ ਚੋਣਾਂ 2020 ਵਿੱਚ ਵੋਟਿੰਗ ਖ਼ਤਮ ਹੋ ਗਈ ਹੈ ਅਤੇ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਅਮਰੀਕਾ ਵਿੱਚ 3 ਨਵੰਬਰ ਨੂੰ ਰਾਸ਼ਟਰਪਤੀ ਅਹੁਦੇ ਦੇ ਲਈ ਵੋਟਿੰਗ ਹੋਈ ਹੈ। ਭਾਰਤ ਸਮੇਤ ਪੂਰੀ ਦੁਨੀਆ ਦੇ ਲੋਕ ਇਸ ਚੋਣ ‘ਤੇ ਨਜ਼ਰ ਰੱਖ ਰਹੇ ਹਨ। ਅਮਰੀਕੀ ਰਾਸ਼ਟਰਪਤੀ ਦੀਆਂ ਚੋਣਾਂ ਦੇ ਕਾਰਨ, ਸਟਾਕ ਮਾਰਕੀਟ ਅਸਥਿਰ ਹਨ। ਅਮਰੀਕਾ ਦੀਆਂ ਚੋਣਾਂ ਵਿੱਚ ਇੱਕ ਵੱਡਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਮਿਲੀ ਜਾਣਕਾਰੀ ਦੇ ਅਨੁਸਾਰ, ਡੋਨਾਲਡ ਟਰੰਪ ਸ਼ੁਰੂਆਤੀ ਰੁਝਾਨਾਂ ਤੋਂ ਬਾਅਦ ਬਿਡੇਨ ਤੋਂ ਅੱਗੇ ਨਿਕਲ ਗਏ ਹਨ। ਡੋਨਾਲਡ ਟਰੰਪ ਦੇ ਖਾਤੇ ਵਿੱਚ ਹੁਣ 213 ਵੋਟਾਂ ਹਨ, ਜਦਕਿ ਜੋ ਬਿਡੇਨ ਦੇ ਖਾਤੇ ‘ਚ 210 ਵੋਟਾਂ ਹਨ। ਅਮਰੀਕਾ ਦੀਆਂ ਚੋਣਾਂ ਵਿੱਚ ਬਹੁਮਤ ਲਈ 270 ਇਲੈਕਟੋਰਲ ਕਾਲਜ ਦੀਆਂ ਵੋਟਾਂ ਦੀ ਜ਼ਰੂਰਤ ਹੈ। ਆਓ ਜਾਣਦੇ ਹਾਂ ਕਿ ਟਰੰਪ ਜਾਂ ਬਿਡੇਨ ਦੀ ਜਿੱਤ ਦਾ ਭਾਰਤੀ ਸਟਾਕ ਮਾਰਕੀਟ ਉੱਤੇ ਕੀ ਪ੍ਰਭਾਵ ਪੈ ਸਕਦਾ ਹੈ? ਇੱਕ ਰਿਪੋਰਟ ਦੇ ਅਨੁਸਾਰ, ਇਨ੍ਹਾਂ ਚੋਣਾਂ ਦੇ ਨਤੀਜੇ ਬਹੁਤ ਕਰੀਬੀ ਰਹਿਣ ਦੀ ਉਮੀਦ ਹੈ। ਰਿਪਬਲੀਕਨ ਪਾਰਟੀ ਦੇ ਵਲੋਂ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਡੈਮੋਕਰੇਟਿਕ ਪਾਰਟੀ ਦੇ ਵਲੋਂ ਜੋ ਬਿਡੇਨ ਉਮੀਦਵਾਰ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਬਿਡੇਨ ਦੀ ਜਿੱਤ ਦਾ ਥੋੜ੍ਹੇ ਸਮੇਂ ਲਈ ਸਟਾਕ ਬਾਜ਼ਾਰਾਂ ‘ਤੇ ਮਾੜਾ ਅਸਰ ਪਏਗਾ, ਕਿਉਂਕਿ ਇਹ ਡਰ ਹੈ ਕਿ ਜੇ ਨਵਾਂ ਰਾਸ਼ਟਰਪਤੀ ਆ ਜਾਂਦਾ ਹੈ, ਤਾਂ ਉਹ ਵਧੇਰੇ ਟੈਕਸ ਲਗਾ ਦੇਵੇਗਾ।
ਪਰ ਨਿਵੇਸ਼ਕਾਂ ਨੂੰ ਨਿਵੇਸ਼ ਕਰਨ ਸਮੇਂ ਸਾਵਧਾਨ ਰਹਿਣਾ ਚਾਹੀਦਾ ਹੈ, ਚੋਣ ਨਤੀਜਿਆਂ ਦੇ ਅਧਾਰ ਤੇ ਕੋਈ ਵੀ ਫੈਸਲਾ ਨਹੀਂ ਲੈਣਾ ਚਾਹੀਦਾ। ਇੱਥੇ ਇੱਕ ਮਹਤਵਪੂਰਣ ਗੱਲ ਇਹ ਵੀ ਹੈ ਕਿ ਅਮਰੀਕਾ ਦੀਆਂ ਚੋਣਾਂ ਵਿੱਚ ਭਾਵੇ ਡੈਮੋਕ੍ਰੇਟਿਕ ਪਾਰਟੀ ਦਾ ਉਮੀਦਵਾਰ ਜਿੱਤੇ ਜਾਂ ਰਿਪਬਲੀਕਨ ਦਾ ਨਿਵੇਸ਼ ‘ਤੇ ਜ਼ਿਆਦਾ ਪ੍ਰਭਾਵ ਨਹੀਂ ਪੈਂਦਾ। ਇਤਿਹਾਸਕ ਤੌਰ ‘ਤੇ, ਅਜਿਹੀਆਂ ਆਲਮੀ ਘਟਨਾਵਾਂ ਦਾ ਭਾਰਤੀ ਸਟਾਕ ਮਾਰਕੀਟ’ ਤੇ ਤੁਰੰਤ ਪ੍ਰਭਾਵ ਪੈਂਦਾ ਹੈ, ਪਰ ਲੰਬੇ ਸਮੇਂ ਤੋਂ ਬਾਜ਼ਾਰ ਦੀ ਕਾਰਗੁਜ਼ਾਰੀ ਅੰਤਰਰਾਸ਼ਟਰੀ ਘਟਨਾਵਾਂ ਦੀ ਬਜਾਏ ਘਰੇਲੂ ਅਰਥਚਾਰੇ ‘ਤੇ ਵਧੇਰੇ ਨਿਰਭਰ ਕਰਦੀ ਹੈ। ਮਾਹਿਰਾਂ ਦੇ ਅਨੁਸਾਰ ਯੂਐਸ ਦੇ ਚੋਣ ਨਤੀਜਿਆਂ ਦੇ ਕਾਰਨ ਭਾਰਤੀ ਸਟਾਕ ਮਾਰਕੀਟ ‘ਚ ਤੁਰੰਤ ਅਸਥਿਰਤਾ ਦਿਖੇਗੀ, ਇਸ ਲਈ ਨਿਵੇਸ਼ਕਾਂ ਨੂੰ ਨਿਵੇਸ਼ ਦੇ ਟੀਚੇ ਨੂੰ 3 ਤੋਂ 5 ਸਾਲ ਤੱਕ ਰੱਖਦੇ ਹੋਏ ਨਿਵੇਸ਼ ਕਰਨਾ ਚਾਹੀਦਾ ਹੈ। ਐਕਸਿਸ ਅਸੇਟ ਮੈਨੇਜਮੈਂਟ ਦੀ ਰਿਪੋਰਟ ਅਨੁਸਾਰ “ਚੋਣਾਂ ਤੋਂ ਇਲਾਵਾ ਹੋਰ ਵੀ ਕਈ ਕਾਰਕ ਸਟਾਕ ਬਾਜ਼ਾਰਾਂ ਨੂੰ ਪ੍ਰਭਾਵਿਤ ਕਰ ਸਕਦੇ ਹਨ, ਜਿਵੇਂ ਕਿ ਮੁੱਲ, ਵਿਆਜ ਦਰਾਂ, ਮਹਿੰਗਾਈ ਆਦਿ।”