ਲੁਧਿਆਣਾ :ਸੀਨੀਅਰ ਭਾਜਪਾ ਆਗੂ ਤੇ ਪੰਜਾਬ ਮੱਧਿਅਮ ਉਦਯੋਗ ਵਿਕਾਸ ਬੋਰਡ ਦੇ ਸਾਬਕਾ ਚੇਅਰਮੈਨ ਅਮਰਜੀਤ ਸਿੰਘ ਟਿੱਕਾ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕਿਸਾਨੀ ਅੰਦੋਲਨ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਈ ਵਿਸ਼ੇਸ਼ ਮਿਲਣੀ ਦਾ ਸਵਾਗਤ ਕੀਤਾ ਹੈ ਸ. ਟਿੱਕਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਭਾਜਪਾ ਦੇ ਪਹਿਲੇ ਅਜਿਹੇ ਵੱਡੇ ਆਗੂ ਹਨ ਜਿਨ੍ਹਾਂ ਨੇ ਕਿ ਕਿਸਾਨੀ ਮੰਗਾਂ ਦੀ ਹਿਮਾਇਤ ਕੀਤੀ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਕੈਪਟਨ ਦੀ ਸ਼੍ਰੀ ਮੋਦੀ ਨਾਲ ਮਿਲਣੀ ਬੇਹੱਦ ਮਹੱਤਵਪੂਰਨ ਸਿੱਧ ਹੋਵੇਗੀ ਅਤੇ ਇਹ ਮਿਲਣੀ ਕਿਸਾਨਾਂ ਦੇ ਭਵਿੱਖ ਲਈ ਲਾਹੇਵੰਦ ਸਾਬਿਤ ਹੋਵੇਗੀ।
ਸ. ਟਿੱਕਾ ਨੇ ਆਖਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਮੋਦੀ ਨੂੰ ਆਖਿਆ ਹੈ ਕਿ ਕਿਸਾਨਾਂ ਦੀਆਂ ਸਾਰੀਆਂ ਜਾਇਜ਼ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਹਨ। ਇਹਨਾਂ ਮੰਗਾਂ ਲਈ ਦੋ ਤਿੰਨ ਸਾਲ ਪਹਿਲਾਂ ਕਿਸਾਨ 13 ਮਹੀਨੇ ਦੇ ਕਰੀਬ ਦਿੱਲੀ ਦੇ ਵੱਖ ਵੱਖ ਬਾਰਡਰਾਂ ‘ਤੇ ਬੈਠੇ ਰਹੇ ਅਤੇ ਮੌਸਮ ਦੀ ਪ੍ਰਵਾਹ ਨਾ ਕਰਦੇ ਹੋਏ ਸੰਘਰਸ਼ ਜਾਰੀ ਰੱਖਿਆ। ਇਸ ਸੰਘਰਸ਼ ਦੌਰਾਨ 800 ਦੇ ਕਰੀਬ ਕਿਸਾਨਾਂ ਨੇ ਸ਼ਹਾਦਤ ਦਿੱਤੀ। ਉਹਨਾਂ ਕਿਹਾ ਕਿ ਕੈਪਟਨ ਨੇ ਸ੍ਰੀ ਮੋਦੀ ਨੂੰ ਆਖਿਆ ਕਿ ਕਿਸਾਨ ਸਾਡਾ ਅੰਨਦਾਤਾ ਹੈ ਅਤੇ ਜਿਸ ਵਕਤ ਦੇਸ ਵਿੱਚ ਅੰਨ ਦੀ ਸਖਤ ਲੋੜ ਸੀ ਉਸ ਵਕਤ ਇਸੇ ਕਿਸਾਨ ਨੇ ਦੇਸ਼ ਲਈ ਐਨਾ ਅਨਾਜ ਪੈਦਾ ਕੀਤਾ ਕਿ ਅਸੀਂ ਖੁਦ ਮੁਖਤਿਆਰ ਤਾਂ ਹੋ ਹੀ ਗਏ ਬਲਕਿ ਦੂਸਰੇ ਦੇਸਾਂ ਨੂੰ ਅਨਾਜ ਭੇਜਣ ਲਈ ਅਪਣਾ ਵੱਡਮੁੱਲਾ ਯੋਗਦਾਨ ਪਾਇਆ।
ਇਹ ਵੀ ਪੜ੍ਹੋ : PM ਮੋਦੀ ਦਾ ਜੰਮੂ-ਕਸ਼ਮੀਰ ਦੌਰਾ ਭਲਕੇ, IIM ਤੇ AIMS ਸਣੇ ਕਈ ਯੋਜਨਾਵਾਂ ਦਾ ਕਰਨਗੇ ਉਦਘਾਟਨ
ਸ.ਟਿੱਕਾ ਨੇ ਆਖਿਆ ਕਿ ਹਰਿਆਣਾ ਦੇ ਨਾਲ ਲੱਗਦੇ ਪੰਜਾਬ ਦੇ ਜਿਨ੍ਹਾਂ ਜਿਲ੍ਹਿਆਂ ਵਿੱਚ ਇੰਟਰਨੈੱਟ ਬੰਦ ਕੀਤਾ ਗਿਆ ਹੈ ਉੱਥੇ ਤੁਰੰਤ ਇੰਟਰਨੈੱਟ ਸੇਵਾਵਾਂ ਬਹਾਲ ਕੀਤੀਆਂ ਜਾਣ। ਉਹਨਾਂ ਕੈਪਟਨ ਦੇ ਉਸ ਬਿਆਨ ਦਾ ਸਵਾਗਤ ਕੀਤਾ ਜਿਸ ਵਿੱਚ ਉਨ੍ਹਾਂ ਭਾਜਪਾ ਦੀ ਕੌਮੀ ਲੀਡਰਸ਼ਿਪ ਨੂੰ ਪੰਜਾਬ ਵਿੱਚ ਅਕਾਲੀ ਦਲ ਨਾਲ ਗੱਠਜੋੜ ਦਾ ਸੁਝਾਅ ਦਿੱਤਾ ਹੈ। ਇਸ ਨਾਲ ਪੰਜਾਬ ਦੀ ਰਾਜਨੀਤੀ ਵਿੱਚ ਬਹੁਤ ਵੱਡਾ ਫੇਰਬਦਲ ਆਵੇਗਾ।