ਸਾਬਕਾ ਮੁੱਖ ਮੰਤਰੀ ਤੇ ਬੀਜੇਪੀ ਦੇ ਸੀਨੀਅਰ ਲੀਡਰ ਕੈਪਟਨ ਅਮਰਿੰਦਰ ਸਿੰਘ ਨੇ ਹਰਿਆਣਾ ਪੁਲਿਸ ਵੱਲੋਂ ਕਿਸਾਨ ਪ੍ਰਿਤਪਾਲ ਸਿੰਘ ਨਾਲ ਬੁਰੀ ਤਰ੍ਹਾਂ ਹਿੰਸਾ ਕਰਨ ਦੀ ਸਖਤ ਨਿਖੇਧੀ ਕੀਤੀ। ਉਨ੍ਹਾਂ ਹਰਿਆਣਾ ਦੇ ਮੁੱਖ ਮੰਤਰੀ ਮਨਹੋਰ ਲਾਲ ਖੱਟੜ ਨੂੰ ਅਪੀਲ ਕੀਤੀ ਕਿ ਦੋਸ਼ੀ ਪੁਲਿਸ ਵਾਲਿਆਂ ਖਿਲਾਫ ਸਖਤ ਐਕਸ਼ਨ ਲਿਆ ਜਾਵੇ, ਜਿਨ੍ਹਾਂ ਨੇ ਨਿਹੱਥੇ ਨੌਜਵਾਨ ਨੂੰ ਬੇਰਹਿਮੀ ਨਾਲ ਕੁੱਟਿਆ, ਜੋਕਿ ਉਥੇ ਲੰਗਰ ਸੇਵਾ ਕਰ ਰਿਹਾ ਸੀ।
ਦੱਸ ਦੇਈਏ ਕਿ ਪ੍ਰਿਤਪਾਲ ਸਿੰਘ ਨੂੰ ਹਰਿਆਣਾ ਤੋਂ ਚੰਡੀਗੜ੍ਹ ਦੇ PGI ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ। ਦੇਰ ਰਾਤ ਐਂਬੂਲੈਂਸ ਪ੍ਰਿਤਪਾਲ ਨੂੰ ਰੋਹਤਕ ਤੋਂ ਚੰਡੀਗੜ੍ਹ ਲੈ ਕੇ ਪਹੁੰਚੀ। ਪੰਜਾਬ ਸਰਕਾਰ ਦੀ ਮੈਡੀਕਲ ਟੀਮ ਵੀ ਉਥੇ ਮੌਜੂਦ ਰਹੀ ਤੇ ਜਾਂਚ ਤੋਂ ਬਾਅਦ ਉਸ ਨੂੰ PGI ਵਿੱਚ ਦਾਖਲ ਕੀਤਾ ਗਿਆ।
ਦੇਰ ਰਾਤ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਰਵਣ ਸਿੰਘ ਪੰਧੇਰ ਵੀ ਸੀਨੀਅਰ ਆਗੂਆਂ ਨਾਲ ਚੰਡੀਗੜ੍ਹ ਤਬਦੀਲ ਹੋਏ ਪ੍ਰਿਤਪਾਲ ਸਿੰਘ ਨੂੰ ਮਿਲਣ ਲਈ ਪੁੱਜੇ। ਇਸ ਦੌਰਾਨ ਉਨ੍ਹਾਂ ਪ੍ਰਿਤਪਾਲ ਸਿੰਘ ਨਾਲ ਗੱਲਬਾਤ ਕੀਤੀ ਅਤੇ ਪਰਿਵਾਰ ਨਾਲ ਮੁਲਾਕਾਤ ਵੀ ਕੀਤੀ। ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਉਹ ਪੀਜੀਆਈ ਦੇ ਡਾਇਰੈਕਟਰ ਅਤੇ ਡਾਕਟਰਾਂ ਨੂੰ ਮਿਲੇ ਹਨ। ਉਨ੍ਹਾਂ ਭਰੋਸਾ ਦਿੱਤਾ ਹੈ ਕਿ ਪ੍ਰਿਤਪਾਲ ਸਿੰਘ ਦਾ ਪੂਰਾ ਖਿਆਲ ਰੱਖਿਆ ਜਾ ਰਿਹਾ ਹੈ। ਜਲਦੀ ਹੀ ਪ੍ਰਿਤਪਾਲ ਸਿੰਘ ਪੂਰੀ ਤਰ੍ਹਾਂ ਠੀਕ ਹੋ ਜਾਵੇਗਾ।
ਇਹ ਵੀ ਪੜ੍ਹੋ : ਮੁਸਲਿਮ ਨੌਜਵਾਨ ਦੇ ਵਿਆਹ ‘ਚ ਪਹਿਲਾ ਸੱਦਾ ਭਗਵਾਨ ਗਣੇਸ਼ ਨੂੰ, ਹੋਰ ਵੀ ਬਹੁਤ ਕੁਝ ਵੱਖਰਾ, ਵੈਡਿੰਗ ਕਾਰਡ ਵਾਇਰਲ
ਹਰਿਆਣਾ-ਪੰਜਾਬ ਦੀ ਖਨੌਰੀ ਸਰਹੱਦ ’ਤੇ ਚੱਲ ਰਹੇ ਕਿਸਾਨ ਧਰਨੇ ਦੌਰਾਨ ਜ਼ਖ਼ਮੀ ਹੋਏ ਪ੍ਰਿਤਪਾਲ ਵਾਸੀ ਸੰਗਰੂਰ ਦੇ ਪਿਤਾ ਦਵਿੰਦਰ ਸਿੰਘ ਨੇ ਦੱਸਿਆ ਸੀ ਕਿ ਉਸ ਦਾ ਲੜਕਾ ਇੱਕ ਕੋਚਿੰਗ ਅਕੈਡਮੀ ਵਿੱਚ ਅਧਿਆਪਕ ਵਜੋਂ ਕੰਮ ਕਰਦਾ ਹੈ, ਜੋ ਬੱਚਿਆਂ ਨੂੰ ਪੜ੍ਹਾਉਂਦਾ ਹੈ। ਬੁੱਧਵਾਰ ਨੂੰ ਪ੍ਰਿਤਪਾਲ ਆਪਣੇ ਜੀਜੇ (ਜੋ ਕਿ ਸਰਕਾਰੀ ਡਾਕਟਰ ਹੈ ਅਤੇ ਐਂਬੂਲੈਂਸ ਡਿਊਟੀ ‘ਤੇ ਹੈ) ਨੂੰ ਕੱਪੜੇ ਦੇਣ ਲਈ ਖਨੌਰੀ ਸਰਹੱਦ ‘ਤੇ ਗਿਆ ਸੀ।
ਇਸ ਦੌਰਾਨ ਉਸ ਦੇ ਨੇੜੇ ਅੱਥਰੂ ਗੈਸ ਦਾ ਇੱਕ ਗੋਲਾ ਡਿੱਗਿਆ, ਜਿਸ ਕਾਰਨ ਉਸ ਨੂੰ ਦੇਖਣ ਵਿੱਚ ਵੀ ਦਿੱਕਤ ਆ ਰਹੀ ਸੀ। ਇਸ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਨੇ ਪ੍ਰਿਤਪਾਲ ‘ਤੇ ਲਾਠੀਚਾਰਜ ਸ਼ੁਰੂ ਕਰ ਦਿੱਤਾ। ਉਸੇ ਸਮੇਂ ਪੁਲਸ ਵਾਲੇ ਉਸ ਨੂੰ ਘੜੀਸ ਕੇ ਲੈ ਗਏ।