ਜਬਰ ਜਨਾਹ ਦੇ ਦੋਸ਼ ਵਿਚ 20 ਸਾਲ ਦੀ ਸਜ਼ਾ ਕੱਟ ਰਹੇ ਡੇਰਾ ਮੁਖੀ ਰਾਮ ਰਹੀਮ ਨੂੰ ਫਿਰ ਤੋਂ ਪੈਰੋਲ ਮਿਲਣ ਕਾਰਨ ਹਰਿਆਣਾ ਸਰਕਾਰ ਸਵਾਲਾਂ ਦੇ ਘੇਰੇ ਵਿਚ ਹੈ। ਪਿਛਲੇ 3 ਮਹੀਨਿਆਂ ਵਿਚ ਦੂਜੀ ਵਾਰ ਰਾਮ ਰਹੀਮ 40 ਦਿਨ ਦੀ ਪੈਰੋਲ ‘ਤੇ ਬਾਹਰ ਆਇਆ ਹੈ। ਜੇਲ੍ਹ ਤੋਂ ਨਿਕਲਣ ਦੇ ਬਾਅਦ ਰਾਮ ਰਹੀਮ ਡੇਰਾ ਸੱਚਾ ਸੌਦਾ ਦੇ ਬਰਵਾਨਾ ਆਸ਼ਰਮ ਪਹੁੰਚ ਗਿਆ ਹੈ। ਰਾਮ ਰਹੀਮ ਨੂੰ ਮਿਲੀ ਪੈਰੋਲ ‘ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਵੱਡਾ ਬਿਆਨ ਦਿੱਤਾ ਹੈ।
ਮੁੱਖ ਮੰਤਰੀ ਖੱਟਰ ਨੇ ਕਿਹਾ ਕਿ ਮੈਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਸੀ ਕਿ ਰਾਮ ਰਹੀਮ ਨੂੰ ਪੈਰੋਲ ਮਿਲੀ ਹੈ ਤੇ ਜੇਕਰ ਪੈਰੋਲ ਮਿਲੀ ਹੈ ਤਾਂ ਕੋਈ ਪ੍ਰਕਿਰਿਆ ਅਧੀਨ ਹੀ ਮਿਲੀ ਹੋਵੇਗੀ ਤੇ ਇਹ ਉਸ ਦਾ ਅਧਿਕਾਰ ਹੈ। ਮੈਂ ਇਸ ਵਿਚ ਦਖਲ ਨਹੀਂ ਦੇਵਾਂਗਾ।
ਦੂਜੇ ਪਾਸੇ ਇਸੇ ਮਾਮਲੇ ‘ਤੇ ਜੇਲ੍ਹ ਮੰਤਰੀ ਰਣਜੀਤ ਸਿੰਘ ਚੌਟਾਲਾ ਦਾ ਵੀ ਬਿਆਨ ਸਾਹਮਣੇ ਆਇਆ ਹੈ। ਉੁਨ੍ਹਾਂ ਕਿਹਾ ਕਿ ਰਾਮ ਰਹੀਮ ਨੂੰ ਪੈਰੋਲ ਮਿਲਣਾ ਉਨ੍ਹਾਂ ਦਾ ਅਧਿਕਾਰ ਹੈ। ਉਹ ਇਕ ਸਾਧਾਰਨ ਕੈਦੀ ਹਨ। ਉਹ ਪਹਿਲਾਂ ਵੀ ਕਈ ਵਾਰ ਪੈਰੋਲ ‘ਤੇ ਜਾ ਚੁੱਕੇ ਹਨ। ਇਹ ਉਨ੍ਹਾਂ ਦਾ ਆਪਣਾ ਅਧਿਕਾਰ ਹੈ। ਹਰ ਕੈਦੀ ਨੂੰ ਕੁਝ ਸਮੇਂ ਬਾਅਦ ਪੈਰੋਲ ‘ਤੇ ਜਾਣ ਦਾ ਅਧਿਕਾਰ ਹੈ। ਉਨ੍ਹਾਂ ਨੂੰ ਅਸੀਂ ਪੈਰੋਲ ਨਹੀਂ ਦਿੰਦੇ, ਸਮਰੱਥ ਅਧਿਕਾਰੀ ਦਿੰਦੇ ਹਨ।
ਇਹ ਵੀ ਪੜ੍ਹੋ : ਅਜਨਾਲਾ ਦੇ ਸੈਲੂਨ ‘ਤੇ ਕੰਮ ਕਰਦੀ ਲੜਕੀ ਨੂੰ ਅਣਪਛਾਤਿਆਂ ਨੇ ਕੀਤਾ ਅਗਵਾ, ਮਾਮਲਾ ਦਰਜ
ਦੱਸ ਦੇਈਏ ਕਿ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ 40 ਦਿਨਾਂ ਦੀ ਪੈਰੋਲ ‘ਤੇ ਬਾਹਰ ਆਇਆ ਹੈ। ਰਾਮ ਰਹੀਮ ਨੂੰ ਜੇਲ੍ਹ ਤੋਂ ਲੈਣ ਲਈ ਉਸ ਦੀ ਮੂੰਹ ਬੋਲੀ ਬੇਟੀ ਹਨੀਪ੍ਰੀਤ ਪਹੁੰਚੀ ਸੀ। ਰਾਮ ਰਹੀਮ ਨੂੰ ਪਿਛਲੇ 3 ਮਹੀਨਿਆਂ ਵਿਚ ਦੂਜੀ ਵਾਰ ਪੈਰੋਲ ਮਿਲੀ ਹੈ। ਇਸ ਤੋਂ ਪਹਿਲਾਂ ਉਹ 14 ਅਕਤੂਬਰ ਤੋਂ 25 ਨਵੰਬਰ ਤੱਕ ਪੈਰੋਲ ‘ਤੇ ਜੇਲ੍ਹ ਤੋਂ ਬਾਹਰ ਆਇਆ ਸੀ।
ਵੀਡੀਓ ਲਈ ਕਲਿੱਕ ਕਰੋ -: