ਉਤਰਾਖੰਡ ਵਿੱਚ ਚਾਰ ਧਾਮ ਯਾਤਰਾ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਰਾਜ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਵੱਡਾ ਫੈਸਲਾ ਲੈਂਦੇ ਹੋਏ ਕੇਦਾਰਨਾਥ ਧਾਮ ਵਿੱਚ ਵੀਆਈਪੀ ਦਰਸ਼ਨਾਂ ‘ਤੇ ਪੂਰੀ ਤਰ੍ਹਾਂ ਰੋਕ ਲਾ ਦਿੱਤੀ ਹੈ। ਇਹ ਜਾਣਕਾਰੀ ਮੁੱਖ ਮੰਤਰੀ ਦਫਤਰ ਨੇ ਦਿੱਤੀ ਹੈ।
ਚਾਰ ਧਾਮ ਯਾਤਰਾ ਲਈ ਸਭ ਤੋਂ ਵੱਧ ਸ਼ਰਧਾਲੂ ਕੇਦਾਰਨਾਥ ਬਾਬਾ ਦੇ ਦਰਸ਼ਨ ਲਈ ਪਹੁੰਚ ਰਹੇ ਹਨ। ਅਜਿਹੇ ਵਿੱਚ ਭੀੜ ਨੂੰ ਕੰਟਰੋਲ ਕਰਨਾ ਜ਼ਿਲ੍ਹਾ ਪ੍ਰਸ਼ਾਸਨ ਤੇ ਉਤਰਾਖੰਡ ਪੁਲਿਸ ਲਈ ਵੱਡੀ ਚੁਣੌਤੀ ਬਣ ਗਿਆ ਹੈ। ਸਰਕਾਰ ਨੇ ਆਈ.ਟੀ.ਬੀ.ਪੀ. ਨੂੰ ਵਿਵਸਥਾ ਬਣਾਉਣ ਦੀ ਜ਼ਿੰਮੇਵਾਰੀ ਸੌਂਪੀ ਹੈ।
ਇਸ ਤੋਂ ਪਹਿਲਾਂ ਦਹਿਰਾਦੂਨ ਵਿੱਚ ਆਈ.ਆਰ.ਬੀ. (ਦੂਜਾ) ਦੀ ਨਵੀਂ ਬਣੀ ਪ੍ਰਸ਼ਾਸਨਕ ਇਮਾਰਤ ਨੂੰ ਲੋਕ ਅਰਪਣ ਕਰਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੀ.ਐੱਮ. ਪੁਸ਼ਕਰ ਸਿੰਘ ਧਾਮੀ ਨੇ ਕਿਹਾ ਕਿ ਸਾਡਾ ਇਕੋ-ਇੱਕ ਉਦੇਸ਼ ਹੈ ਕਿ ਯਾਤਰਾ ਸਾਰਿਆਂ ਲਈ ਸੌਖੀ ਤੇ ਸਰਲ ਹੋਵੇ। ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਜਦੋਂ ਤੱਕ ਤੁਹਾਡੀ ਸਿਹਤ ਠੀਕ ਨਾ ਹੋਵੇ, ਤੁਸੀਂ ਯਾਤਾਰ ਸ਼ੁਰੂ ਨਾ ਕਰਨ। ਉਨ੍ਹਾਂ ਕਿਹਾ ਕਿ ਅਸੀਂ ਯਾਤਰਾ ਸਾਰਿਆਂ ਲਈ ਇੱਕੋ ਜਿਹੀ ਕਰ ਦਿੱਤੀ ਹੈ, ਹੁਣ ਕੋਈ ਵੀ.ਆਈ.ਪੀ. ਦਰਸ਼ਨ ਨਹੀਂ ਹੋਵੇਗਾ।
ਸੀ.ਐੱਮ. ਧਾਮੀ ਨੇ ਕਿਹਾ ਕਿ ਸਾਡੇ ਪੂਰੇ ਸੂਬੇ ਵਿੱਚ ਯਾਤਰਾ ਚੱਲ ਰਹੀ ਹੈ। ਉਸ ਯਾਤਰਾ ਵਿੱਚ ਪੁਲਿਸ ਦਾ ਬਹੁਤ ਯੋਗਦਾਨ ਹੈ। ਦੋ ਮਹੀਨੇ ਪਹਿਲਾਂ ਤੋਂ ਹੀ ਸਾਡੇ ਸ਼ਾਸਨ, ਪ੍ਰਸ਼ਾਸਨ ਦੇ ਲੋਕ ਤੇ ਅਸੀਂ ਲਗਾਤਾਰ ਵੇਖ ਰਹੇ ਹਾਂ। ਇੱਕ ਵੀ ਵਿਅਕਤੀ ਯਾਤਰਾ ਵਿੱਚ ਭਗਦੜ ਕਰਕੇ ਜ਼ਖਮੀ ਨਹੀਂ ਹੋਇਆ ਹੈ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਦੱਸ ਦੇਈਏ ਕਿ ਕੋਵਿਡ 19 ਮਹਾਮਾਰੀ ਕਰਕੇ ਪਿਛਲੇ ਦੋ ਸਾਲਾਂ ਤੋਂ ਬੰਦ ਚਾਰਧਾਮ ਯਾਤਰਾ ਵਿੱਚ ਇਸ ਵਾਰ ਸ਼ਰਧਾਲੂ ਵੱਡੀ ਗਿਣਤੀ ਵਿੱਚ ਆ ਰਹੇ ਹਨ ਤੇ ਉਨ੍ਹਾਂ ਦੀ ਸਹੂਲਤ ਦੇ ਮੱਦੇਨਜ਼ਰ ਮੁੱਖ ਮੰਤਰੀ ਉਤਰਾਖੰਡ ਸਰਕਾਰ ਨੇ ਰੋਜ਼ਾਨਾ ਦਰਸ਼ਨ ਕਰਨ ਵਾਲਿਆਂ ਦੀ ਗਿਣਤੀ ਦੀ ਹੱਦ ਵਿੱਚ ਵਾਧਾ ਕਰਨ ਦੇ ਵੀ ਪ੍ਰਸ਼ਾਸਨ ਨੂੰ ਨਿਰਦੇਸ਼ ਦਿੱਤੇ ਹਨ। ਗੰਗੋਤਰੀ ਤੇ ਯਮੁਨੋਤਰੀ ਧਾਮ ਦੇ ਕਪਾਟ ਤਿੰਨ ਮਈ ਨੂੰ ਖੁੱਲ੍ਹੇ ਸਨ, ਜਦਕਿ ਕੇਦਾਰਨਾਥ ਦੇ ਛੇ ਮਈ ਤੇ ਬਦਰੀਨਾਥ ਦੇ 8 ਮਈ ਨੂੰ ਖੁੱਲ੍ਹੇ ਸਨ।