ਚੰਡੀਗੜ੍ਹ ਵਿੱਚ ਕਰੋਨਾ ਮਹਾਮਾਰੀ ਅਤੇ ਮੰਕੀਪੋਕਸ ਦੇ ਸੰਭਾਵੀ ਖਤਰੇ ਦਰਮਿਆਨ ਡੇਂਗੂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਚੰਡੀਗੜ੍ਹ ਵਿੱਚ ਹੁਣ ਤੱਕ ਡੇਂਗੂ ਦੇ 22 ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਦੇ ਮੱਦੇਨਜ਼ਰ ਚੰਡੀਗੜ੍ਹ ਸਿਹਤ ਵਿਭਾਗ ਵੀ ਪੂਰੀ ਸਾਵਧਾਨੀ ਵਰਤ ਰਿਹਾ ਹੈ।
ਡੇਂਗੂ ਦੀ ਰੋਕਥਾਮ ਲਈ ਸ਼ਹਿਰ ਵਿੱਚ ਸੁਰੱਖਿਆ ਦੇ ਵੀ ਪੁਖ਼ਤਾ ਪ੍ਰਬੰਧ ਕੀਤੇ ਜਾ ਰਹੇ ਹਨ। ਇਨ੍ਹਾਂ ਵਿੱਚ ਗਲੀਆਂ ਵਿੱਚ ਮੱਛਰ ਮਾਰਨ ਵਾਲਾ ਧੂੰਆਂ ਛੱਡਣਾ ਅਤੇ ਸਲਾਹ ਜਾਰੀ ਕਰਨਾ ਸ਼ਾਮਲ ਹੈ। ਦੂਜੇ ਪਾਸੇ ਜਮ੍ਹਾਂ ਹੋਏ ਪਾਣੀ ਦੀ ਨਿਕਾਸੀ ਨਾ ਕਰਨ ਅਤੇ ਸਫ਼ਾਈ ਨਾ ਰੱਖਣ ਕਾਰਨ ਹੁਣ ਤੱਕ 71 ਚਲਾਨ ਕੀਤੇ ਜਾ ਚੁੱਕੇ ਹਨ। 5,700 ਤੋਂ ਵੱਧ ਨੋਟਿਸ ਵੀ ਜਾਰੀ ਕੀਤੇ ਗਏ ਹਨ। ਚੰਡੀਗੜ੍ਹ ਵਿੱਚ ਮਾਨਸੂਨ ਦੇ ਮੌਸਮ ਵਿੱਚ ਡੇਂਗੂ ਇੱਕ ਵੱਡੀ ਬਿਮਾਰੀ ਬਣ ਸਕਦਾ ਹੈ। ਇਸ ਦਾ ਮੁੱਖ ਕਾਰਨ ਟਾਇਰਾਂ, ਟੋਇਆਂ ਅਤੇ ਹੋਰ ਥਾਵਾਂ ‘ਤੇ ਬਰਸਾਤੀ ਪਾਣੀ ਦਾ ਜਮ੍ਹਾ ਹੋਣਾ ਹੈ। ਸਿਹਤ ਸੇਵਾਵਾਂ ਦੇ ਡਾਇਰੈਕਟਰ ਡਾ: ਸੁਮਨ ਸਿੰਘ ਅਨੁਸਾਰ ਪਿਛਲੇ ਸਾਲ ਡੇਂਗੂ ਦੇ ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆਏ ਸਨ। ਕਈ ਮਰੀਜਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਉਣਾ ਵੀ ਪਿਆ। ਕੁਝ ਮਰੀਜ਼ਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਸੀ।
ਪਿਛਲੇ ਸਾਲ ਮਾਨਸੂਨ ਵੀ ਦੇਰੀ ਨਾਲ ਆਇਆ ਸੀ ਅਤੇ ਦਿਨ ਵੇਲੇ ਤਾਪਮਾਨ ਜ਼ਿਆਦਾ ਸੀ। ਅਜਿਹੇ ‘ਚ ਮੱਛਰਾਂ ਦੀ ਪ੍ਰਜਨਨ ਜ਼ਿਆਦਾ ਹੁੰਦੀ ਹੈ।ਚੰਡੀਗੜ੍ਹ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਸ਼ਹਿਰ ਵਿੱਚ ਡੇਂਗੂ ਦੀ ਰੋਕਥਾਮ ਲਈ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਹੈ। ਲਾਪਰਵਾਹੀ ਵਰਤਣ ਵਾਲਿਆਂ ਨੂੰ ਨੋਟਿਸ ਵੀ ਜਾਰੀ ਕੀਤੇ ਜਾ ਰਹੇ ਹਨ। ਸਰਕਾਰੀ ਅਤੇ ਪ੍ਰਾਈਵੇਟ ਅਦਾਰਿਆਂ ਦੀਆਂ ਇਮਾਰਤਾਂ ਵਿੱਚ ਵੀ ਚੈਕਿੰਗ ਕੀਤੀ ਜਾ ਰਹੀ ਹੈ। ਜਿਨ੍ਹਾਂ ਥਾਵਾਂ ‘ਤੇ ਪਾਣੀ ਭਰਿਆ ਹੈ ਅਤੇ ਸਫ਼ਾਈ ਸਬੰਧੀ ਸਮੱਸਿਆ ਹੈ, ਉਨ੍ਹਾਂ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਜ਼ਿਆਦਾ ਆਬਾਦੀ ਵਾਲੀਆਂ ਥਾਵਾਂ ‘ਤੇ ਵੀ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਇੱਥੇ ਮੈਡੀਕਲ ਟੀਮਾਂ ਵੱਲੋਂ ਖੜ੍ਹੇ ਪਾਣੀ ਦੇ ਸੈਂਪਲ ਲਏ ਜਾ ਰਹੇ ਹਨ ਅਤੇ ਲੋਕਾਂ ਨੂੰ ਵੀ ਸੂਚਿਤ ਕੀਤਾ ਜਾ ਰਿਹਾ ਹੈ।