Close to 1 lakh children: ਵਾਸ਼ਿੰਗਟਨ: ਪੂਰੀ ਦੁਨੀਆ ਵਿੱਚ ਕੋਰੋਨਾ ਵਾਇਰਸ ਤਬਾਹੀ ਮਚਾ ਰਿਹਾ ਹੈ। ਇਸ ਵਾਇਰਸ ਦਾ ਸਭ ਤੋਂ ਵੱਧ ਅਸਰ ਅਮਰੀਕਾ ਵਿਚ ਦੇਖ ਨੂੰ ਮਿਲ ਰਿਹਾ ਹੈ। ਅਮਰੀਕਾ ਵਿੱਚ ਪਿਛਲੇ 24 ਘੰਟਿਆਂ ਦੌਰਾਨ 53 ਹਜ਼ਾਰ ਮਾਮਲੇ ਦਰਜ ਕੀਤੇ ਗਏ ਹਨ। ਕੋਰੋਨਾ ਦੀ ਲਾਗ ‘ਤੇ ਨਜ਼ਰ ਰੱਖਣ ਵਾਲੀ ਇੱਕ ਵੈਬਸਾਈਟ ਵਰਲਡਮੀਟਰ ਦੇ ਅਨੁਸਾਰ, ਅਮਰੀਕਾ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 16 ਅਗਸਤ ਦੀ ਸਵੇਰ ਤੱਕ 55 ਲੱਖ 29 ਹਜ਼ਾਰ ਹੋ ਗਈ, ਜਦਕਿ 1 ਲੱਖ 72 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਸ ਵਾਇਰਸ ਦੇ ਇੰਨੇ ਜ਼ਿਆਦਾ ਪ੍ਰਭਾਵ ਦੇ ਵਿਚਾਲੇ ਅਮਰੀਕੀ ਰਾਸ਼ਟਰਪਤੀ ਸਕੂਲ ਖੋਲ੍ਹਣ ਦੀ ਜ਼ਿੱਦ ‘ਤੇ ਅੜੇ ਰਹੇ। ਜਿਸ ਦਾ ਖਾਮਿਆਜ਼ਾ ਹੁਣ ਭੁਗਤਣਾ ਪੈ ਰਿਹਾ ਹੈ। ਦਰਅਸਲ, ਅਮਰੀਕਾ ਵਿੱਚ ਸਕੂਲ ਖੋਲ੍ਹੇ ਜਾਣ ਦੇ ਦੋ ਹਫ਼ਤਿਆਂ ਵਿੱਚ ਹੀ 97,000 ਬੱਚਿਆਂ ਦੀਆਂ ਕੋਰੋਨਾ ਰਿਪੋਰਟਾਂ ਪਾਜ਼ੀਟਿਵ ਆ ਚੁੱਕੀਆਂ ਹਨ। ਇਹ ਪ੍ਰਗਟਾਵਾ ਅਮਰੀਕਨ ਅਕੈਡਮੀ ਆਫ਼ ਪੈਡੀਏਟਰਿਕਸ ਦੀ ਰਿਪੋਰਟ ਵਿੱਚ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਵਾਇਰਸ ਨੇ ਹੁਣ ਤੱਕ 25 ਬੱਚਿਆਂ ਦੀ ਜਾਨ ਲੈ ਲਈ ਹੈ। ਇਸ ਰਿਪੋਰਟ ਅਨੁਸਾਰ ਅਮਰੀਕਾ ਵਿੱਚ 16 ਜੁਲਾਈ ਤੋਂ 30 ਜੁਲਾਈ ਵਿਚਕਾਰ ਕੋਰੋਨਾ ਵਾਇਰਸ ਪੀੜਤਾਂ ਦੀ ਗਿਣਤੀ 50 ਲੱਖ ਹੋ ਗਈ ਸੀ, ਜਿਨ੍ਹਾਂ ਵਿੱਚ 3,38,000 ਬੱਚੇ ਸ਼ਾਮਿਲ ਸਨ।
ਦੱਸ ਦੇਈਏ ਕਿ ਦੁਨੀਆ ਭਰ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ ਅਤੇ ਉਹ ਰੁਕਣ ਦਾ ਨਾਮ ਨਹੀਂ ਲੈ ਰਹੇ ਹਨ। ਬੀਤੇ ਦਿਨ ਦੁਨੀਆ ਭਰ ਵਿੱਚ 2.47 ਲੱਖ ਨਵੇਂ ਕੇਸ ਸਾਹਮਣੇ ਆਏ ਅਤੇ 5,140 ਲੋਕਾਂ ਨੇ ਆਪਣੀਆਂ ਜਾਨਾਂ ਗੁਆ ਦਿੱਤੀਆਂ। ਜਿਸ ਤੋਂ ਬਾਅਦ ਹੁਣ ਤੱਕ 2.15 ਕਰੋੜ ਤੋਂ ਵੱਧ ਸੰਕਰਮਣ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ, ਜਦੋਂ ਕਿ 7 ਲੱਖ 67 ਹਜ਼ਾਰ ਤੋਂ ਵੱਧ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ । ਇਸ ਦੇ ਨਾਲ ਹੀ ਇਸ ਬਿਮਾਰੀ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 1 ਕਰੋੜ 43 ਲੱਖ ਨੂੰ ਪਾਰ ਕਰ ਗਈ ਹੈ। ਹਾਲਾਂਕਿ ਅਜੇ ਵੀ ਵਿਸ਼ਵ ਭਰ ਵਿੱਚ 65 ਲੱਖ ਤੋਂ ਵੱਧ ਸਰਗਰਮ ਕੇਸ ਹਨ।