Corona report of 21 : ਲੁਧਿਆਣਾ ’ਚ ਸੈਂਟਰਲ ਜੇਲ੍ਹ ਦੇ ਲਗਭਗ 31 ਕੈਦੀਆਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਪਾਏ ਜਾਣ ਤੋਂ ਬਾਅਦ ਜੇਲ ਮੁਲਾਜ਼ਮਾਂ ਦੇ ਵੀ ਕੋਰੋਨਾ ਜਾਂਚ ਲਈ ਲਏ ਗਏ ਸੈਂਪਲਾਂ ਵਿਚੋਂ ਲਗਭਗ 21 ਪੁਲਿਸ ਮੁਲਾਜ਼ਮਾਂ ਦੀ ਰਿਪੋਰਟ ਨੈਗੇਟਿਵ ਆਈ ਹੈ, ਜਿਸ ਨਾਲ ਜੇਲ ਪ੍ਰਸ਼ਾਸਨ ਨੂੰ ਕੁਝ ਰਾਹਤ ਮਹਿਸੂਸ ਹੋਈ ਹੈ। ਜੇਲ ਮੁਲਾਜ਼ਮਾਂ ਦੇ ਟੈਸਟਾਂ ਦੇ ਹੁਕਮ ਏਡੀਜੀਪੀ ਜੇਲ ਪ੍ਰਵੀਨ ਕੁਮਾਰ ਸਿਨਹਾ ਵੱਲੋਂ ਜਾਰੀ ਕੀਤੇ ਗਏ ਸਨ। ਇਨ੍ਹਾਂ ਤੋਂ ਇਲਾਵਾ 58 ਸੀਆਰਪੀਐਫ ਜਵਾਨ ਅਤੇ ਹੋਰਨਾਂ ਮੁਲਾਜ਼ਮਾਂ ਦੇ ਵੀ ਨਮੂਨੇ ਜਾਂਚ ਲਈ ਲਏ ਗਏ ਹਨ, ਜਿਨ੍ਹਾਂ ਦੀ ਜਾਂਚ ਰਿਪੋਰਟ 2-3 ਦਿਨਾਂ ਦੇ ਅੰਦਰ ਆਉਣ ਦੀ ਉਮੀਦ ਹੈ। ਬ੍ਰੋਸਟਲ ਜੇਲ ਅਧਿਕਾਰੀ ਤੋਂ ਮਿਲੀ ਜਾਣਕਾਰੀ ਮੁਤਾਬਕ ਜੇਲ ਵਿਚ ਤਾਇਨਾਤ 51 ਲੋਕਾਂ ਦੇ ਕੋਰੋਨਾ ਜਾਂਚ ਲਈ ਸੈਂਪਲ ਲਏ ਗਏ ਹਨ।
ਜ਼ਿਕਰਯੋਗ ਹੈ ਕਿ ਲੁਧਿਆਣਾ ਵਿਚ ਕੋਰੋਨਾ ਦੇ ਮਾਮਲਿਆਂ ਵਿਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ। ਬੀਤੇ ਦਿਨ ਵੀ ਐਸਡੀਐਮ ਸਣੇ ਜ਼ਿਲੇ ਵਿਚ 54 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚ ਐਸਡੀਐਮ ਪਾਇਲ ਮਨਕਮਲ ਸਿੰਘ ਚਾਹਲ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਸੀ। ਇਸ ਤੋਂ ਇਲਾਵਾ ਬੀਤੇ ਦਿਨ ਜ਼ਿਲੇ ਵਿਚ 2 ਕੋਰੋਨਾ ਪੀੜਤ ਲੋਕਾਂ ਨੇ ਹਸਪਤਾਲ ਵਿਚ ਦਮ ਤੋੜ ਦਿੱਤਾ ਜਿਨ੍ਹਾਂ ਵਿਚੋਂ ਇਕ ਤਾਂ ਸਥਾਨਕ ਸ਼ਹਿਰ ਦਾ ਹੀ ਤੇ ਦੂਸਰਾ ਮ੍ਰਿਤਕ ਸੰਗਰੂਰ ਦਾ ਵਸਨੀਕ ਸੀ। ਉਧਰ ਸਿਹਤ ਵਿਭਾਗ ਵੱਲੋਂ ਏਡੀਸੀ ਜਨਰਲ ਅਤੇ ਏਡੀਸੀ ਜਗਰਾਓਂ ਦੇ ਕੋਰੋਨਾ ਪਾਜ਼ੀਟਿਵ ਮਿਲਣ ਤੋਂ ਬਾਅਦ ਡੀਸੀ ਆਫਿਸ ਤੇ ਮਿਨੀ ਸਕੱਤਰੇਤ ਵਿਚ ਕੰਮ ਕਰ ਰਹੇ 59 ਅਫਸਰਾਂ ਤੇ ਮੁਲਾਜ਼ਮਾਂ ਦੇ ਸੈਂਪਲ ਲਏ ਗਏ ਸਨ। ਦੱਸ ਦੇਈਏ ਕਿ ਹੁਣ ਤੱਕ ਜ਼ਿਲੇ ਵਿਚ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਵਧ ਕੇ 1231 ਤੱਕ ਪਹੁੰਚ ਗਈ ਹੈ, ਜਿਨ੍ਹਾਂ ਵਿਚੋਂ 238 ਮਰੀਜ਼ ਦੂਸਰੇ ਜ਼ਿਲਿਆਂ ਨਾਲ ਸਬੰਧਤ ਹਨ।