ਕਪੂਰਥਲਾ : ਅੱਜ ਕਪੂਰਥਲਾ ਪੁਲਿਸ ਨੇ ਇੱਕ ਲੁਟੇਰਾ ਗਿਰੋਹ ਦਾ ਪਰਦਾਫਾਸ਼ ਕਰਦਿਆਂ ਗਿਰੋਹ ਦੇ ਚਾਰ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਅਤੇ ਮੱਧਪ੍ਰਦੇਸ਼ ਤੋਂ ਤਸਕਰੀ ਕਰਕੇ ਲਿਆਂਦੇ ਭਾਰੀ ਮਾਤਰਾ ਵਿਚ ਹਥਿਆਰ ਅਤੇ ਗੋਲੀ ਸਿੱਕਾ ਜ਼ਬਤ ਕੀਤੇ ਹਨ।
ਦੋਸ਼ੀ ਮੱਧਪ੍ਰਦੇਸ਼ ਤੋਂ ਹਥਿਆਰ ਲਿਆ ਕੇ ਵੱਖ-ਵੱਖ ਥਾਵਾਂ ‘ਤੇ ਸਪਲਾਈ ਕਰਦੇ ਸਨ। ਗਿਰੋਹ ਦੇ 6 ਮੈਂਬਰਾਂ ਦੀ ਪਛਾਣ ਯਾਦਵਿੰਦਰ ਸਿੰਘ ਉਰਫ ਯਾਦ (21) ਵਾਸੀ ਪਿੰਡ ਲੱਖ ਵਾਰੀਆਂ, ਹਰਸਿਮਰਨਜੀਤ ਸਿੰਘ ਉਰਫ਼ ਸਿਮਰ(26) ਵਾਸੀ ਪਿੰਡ ਪੱਤੀ ਚੱਕ ਬਾਲ ਬਹਾਦਰ, ਗੁਰਜੀਤ ਸਿੰਘ (29) ਵਾਸੀ ਪਿੰਡ ਚੋਧਰੀ ਵਾਲ ਮੰਡ, ਤਜਿੰਦਰ ਸਿੰਘ ਉਰਫ ਰੋਮੀ(26) ਵਾਸੀ ਪਿੰਡ ਕੈਮਪੁਰਾ, ਲਖਵਿੰਦਰ ਸਿੰਘ ਉਰਫ ਬੌਸ ਵਾਸੀ ਪਿੰਡ ਬਾਹੂਈ ਕਪੂਰਥਲਾ ਅਤੇ ਸਵੀਟੀ ਸਿੰਘ ਵਾਸੀ ਪਿੰਡ ਬਲਵਾੜੀ (ਮੱਧ ਪ੍ਰਦੇਸ਼) ਦੇ ਰੂਪ ਵਿੱਚ ਹੋਈ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਸਿਹਤ ਵਿਭਾਗ ਦੇ 128 ਮੈਡੀਕਲ ਮਾਹਿਰਾਂ ਨੂੰ ਨਿਯੁਕਤੀ ਪੱਤਰ ਸੌਂਪੇ
ਐੱਸ. ਐੱਸ. ਪੀ. ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਜਿਲ੍ਹੇ ਵਿਚ ਪਿਛਲੇ ਕੁਝ ਸਮੇਂ ਤੋਂ ਲੁਟੇਰਿਆਂ ਤੇ ਹਥਿਆਰ ਸਮਗਲਿੰਗ ਦਾ ਇਕ ਗਿਰੋਹ ਸਰਗਰਮ ਸੀ। ਅੱਜ ਉਨ੍ਹਾਂ ਦੇ ਕਬਜ਼ੇ ਵਿੱਚੋਂ 10 ਪਿਸਤੌਲ, ਇੱਕ ਰਾਈਫਲ .315 ਬੋਰ, 06 ਮੈਗਜ਼ੀਨ ਅਤੇ 11 ਜਿੰਦਾ ਕਾਰਤੂਸ ਬਰਾਮਦ ਕਰਕੇ ਇਸ ਗਿਰੋਹ ਦੇ ਚਾਰ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁੱਛਗਿਛ ਦੌਰਾਨ ਦੋਸ਼ੀਆਂ ਨੇ ਦੱਸਿਆ ਕਿ ਗਿਰੋਹ ਦਾ ਮੁਖੀ ਹਰਸਿਮਰਨਜੀਤ ਸਿੰਘ ਸਿਮਰ ਹੈ। ਸਾਰੇ ਦੋਸ਼ੀ ਪੈਟਰੋਲ ਪੰਪ ਅਤੇ ਕਿਸਾਨਾਂ ਤੋਂ ਨਕਦੀ ਲੁੱਟਣ ਦੀ ਯੋਜਨਾ ਬਣਾ ਰਹੇ ਸਨ। ਐਸਐਸਪੀ ਨੇ ਅੱਗੇ ਦੱਸਿਆ ਕਿ ਫੱਤੂ ਢੀਂਗਾ ਥਾਣੇ ਦੀ ਪੁਲਿਸ ਨੂੰ ਇੱਕ ਮਹੱਤਵਪੂਰਣ ਜਾਣਕਾਰੀ ਮਿਲੀ ਸੀ ਕਿ ਮਾਰੂ ਹਥਿਆਰਾਂ ਨਾਲ ਲੈਸ ਕੁਝ ਅਪਰਾਧੀ ਬਿਆਸ ਦਰਿਆ ਦੇ ਕੰਢੇ ਸਥਿਤ ਪਿੰਡ ਮੰਡ ਬਾਗੂਵਾਲ ਖੇਤਰ ਵਿੱਚ ਇਕੱਠੇ ਹੋਏ ਹਨ ਅਤੇ ਸ਼ਹਿਰ ਵਿੱਚ ਇੱਕ ਵੱਡੀ ਲੁੱਟ ਦੀ ਯੋਜਨਾ ਬਣਾ ਰਹੇ ਹਨ।
SSP ਨੇ ਦੱਸਿਆ ਕਿ ਫੜੇ ਗਏ ਅਪਰਾਧੀਆਂ ਨੇ ਇਹ ਵੀ ਖੁਲਾਸਾ ਕੀਤਾ ਕਿ ਸਾਰੇ ਹਥਿਆਰ ਉਨ੍ਹਾਂ ਨੇ ਗਿਰੋਹ ਦੇ ਇਕ ਸਾਥੀ ਮੈਂਬਰ ਸਵੀਟੀ ਸਿੰਘ ਪੁੱਤਰ ਖਿਆਲ ਸਿੰਘ ਨਿਵਾਸੀ ਪਿੰਡ ਬਲਵਾੜੀ, ਉਮਟੀ, ਸੇਂਦਵਾਂ, ਮੱਧ ਪ੍ਰਦੇਸ਼ ਤੋਂ ਤਸਕਰੀ ਕਰ ਕੇ ਲਿਆਂਦੇ ਗਏ ਸਨ। ਉਨ੍ਹਾਂ ਨੇ ਅੱਗੇ ਕਿਹਾ ਕਿ ਅਪਰਾਧੀਆਂ ਦੇ ਖਿਲਾਫ ਫੱਤੂ ਢੀਂਗਾਂ ਥਾਣੇ ਵਿਖੇ ਭਾਰਤੀ ਦੰਡਾਵਲੀ ਅਧਿਨਿਯਮ ਅਤੇ ਆਰਮਜ਼ ਐਕਟ ਦੀਆਂ ਸਬੰਧਤ ਧਾਰਾਵਾਂ ਦੇ ਤਹਿਤ ਕੇਸ ਦਰਜ ਕੀਤੇ ਗਏ ਹਨ। ਪੁਲਿਸ ਵਲੋਂ ਉਨ੍ਹਾਂ ਨੂੰ ਮੈਜਿਸਟਰੇਟ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ ਅਤੇ ਉਨ੍ਹਾਂ ਦੇ ਰਿਮਾਂਡ ਦੀ ਮੰਗ ਕੀਤੀ ਜਾਵੇਗੀ ਤਾਂ ਜੋ ਅਗਲੀ ਜਾਂਚ ਕੀਤੀ ਜਾ ਸਕੇ ਅਤੇ ਗਿਰੋਹ ਦੇ ਬਾਕੀ ਮੈਂਬਰਾਂ ਨੂੰ ਵੀ ਜਲਦ ਗ੍ਰਿਫਤਾਰ ਕੀਤਾ ਜਾ ਸਕੇ।
ਇਹ ਵੀ ਪੜ੍ਹੋ : ਕੈਪਟਨ ਨੇ PMAGY ਤਹਿਤ 50 ਪਿੰਡਾਂ ਲਈ 10.50 ਕਰੋੜ ਰੁਪਏ ਤੁਰੰਤ ਜਾਰੀ ਕਰਨ ਦੇ ਦਿੱਤੇ ਹੁਕਮ