ਪਾਕਿਸਤਾਨ ਦੀ ਪੰਜਾਬ ਰਾਜ ਸਰਕਾਰ ਕਰਤਾਰਪੁਰ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਦੇ ਨੇੜੇ ਇੱਕ ”ਦਰਸ਼ਨ ਰਿਜ਼ੋਰਟ” ਬਣਾਉਣ ਜਾ ਰਹੀ ਹੈ, ਜਿਸ ਰਾਹੀਂ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਸਿੱਖ ਸ਼ਰਧਾਲੂ ਇੱਥੇ ਆ ਕੇ ਠਹਿਰ ਸਕਣਗੇ ਅਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਵੀ ਕਰ ਸਕਣਗੇ। ਪਾਕਿਸਤਾਨ ਇਸ ਨੂੰ ਬਣਾਉਣ ਲਈ 30 ਕਰੋੜ ਪਾਕਿਸਤਾਨੀ ਰੁਪਏ ਖਰਚ ਕਰੇਗਾ ਅਤੇ ਇਹ 5 ਮੰਜ਼ਿਲਾ ਇਮਾਰਤ ਹੋਵੇਗੀ।
ਪਾਕਿ ਪੰਜਾਬ ਦੇ ਸੈਰ ਸਪਾਟਾ ਸਕੱਤਰ ਰਾਜਾ ਜਹਾਂਗੀਰ ਅਨਵਰ ਨੇ ਪਾਕਿਸਤਾਨੀ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ 300 ਮਿਲੀਅਨ PKR ਰੁਪਏ ਦੀ ਅੰਦਾਜ਼ਨ ਲਾਗਤ ਨਾਲ ਪੰਜ ਮੰਜ਼ਿਲਾ ਦਰਸ਼ਨ ਰਿਜ਼ੋਰਟ ਦਾ ਨਿਰਮਾਣ ਅਗਲੇ ਮਹੀਨੇ ਸ਼ੁਰੂ ਹੋ ਜਾਵੇਗਾ। ਇਹ ਪ੍ਰਾਜੈਕਟ ਦੁਨੀਆ ਭਰ ਤੋਂ ਆਉਣ ਵਾਲੇ ਸਿੱਖਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਗਿਆ ਹੈ।
ਪ੍ਰਾਜੈਕਟ ਬਾਰੇ ਉਨ੍ਹਾਂ ਕਿਹਾ ਕਿ ਇਹ ਗੁਰਦੁਆਰਾ ਦਰਬਾਰ ਸਾਹਿਬ ਤੋਂ ਸਿਰਫ਼ 500 ਮੀਟਰ ਦੀ ਦੂਰੀ ’ਤੇ ਬਣਾਇਆ ਜਾਵੇਗਾ। ਅਗਲੇ ਮਹੀਨੇ ਸ਼ੁਰੂ ਹੋਣ ਵਾਲੇ ਇਸ ਪ੍ਰਾਜੈਕਟ ਨੂੰ 2024 ਦੇ ਅੰਤ ਤੱਕ ਇੱਕ ਸਾਲ ਦੇ ਅੰਦਰ ਪੂਰਾ ਕਰਨ ਦਾ ਟੀਚਾ ਹੈ। ਇਸ ਪੂਰੇ ਪ੍ਰਾਜੈਕਟ ਲਈ ਪਾਕਿਸਤਾਨ ਦੀ ਪੰਜਾਬ ਸਰਕਾਰ ਵੱਲੋਂ ਫੰਡ ਦਿੱਤੇ ਜਾਣਗੇ।
ਇਹ ਵੀ ਪੜ੍ਹੋ : ਮੌਸਮ ਵਿਭਾਗ ਵੱਲੋਂ 20-21 ਦਸੰਬਰ ਨੂੰ ਪੰਜਾਬ ਤੇ ਹਰਿਆਣਾ ‘ਚ ਯੈਲੋ ਅਲਰਟ ਜਾਰੀ, ਵਧੇਗੀ ਠੰਡ
ਸਕੱਤਰ ਨੇ ਦੱਸਿਆ ਕਿ ਇਸ ਰਿਜ਼ੋਰਟ ਵਿੱਚ ਇੱਕ ਮਿੰਨੀ ਸਿਨੇਮਾ, ਇੱਕ ਜਿੰਮ ਅਤੇ ਘੱਟੋ-ਘੱਟ 10 ਸੂਟ ਕਮਰੇ ਹੋਣਗੇ। ਇਸ ਰਿਜ਼ੋਰਟ ਤੋਂ ਸ੍ਰੀ ਕਰਤਾਰਪੁਰ ਸਾਹਿਬ ਦਾ ਨਜ਼ਾਰਾ ਵੀ ਦੇਖਿਆ ਜਾ ਸਕੇਗਾ। ਪੰਜਾਬ ਦੇ ਕਾਰਜਕਾਰੀ ਮੁੱਖ ਮੰਤਰੀ ਮੋਹਸਿਨ ਨਕਵੀ ਨੇ ਵੀ ਪੰਜਾਬ ਸੈਰ-ਸਪਾਟਾ ਵਿਭਾਗ ਨੂੰ 50 ਕਮਰਿਆਂ ਵਾਲਾ ਦਰਸ਼ਨ ਰਿਜ਼ੋਰਟ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ : –