ਤਲਵੰਡੀ ਭਾਈ (ਹਰਜਿੰਦਰ ਸਿੰਘ ਕਤਨਾ) -ਦੇਸ਼ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਅਤੇ ਖਾਸ ਕਰਕੇ ਸਿੱਖ ਭਾਈਚਾਰੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਦੁਬਈ ਸਥਿਤ ਉੱਘੇ ਕਾਰੋਬਾਰੀ ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਡਾ. ਐਸ. ਪੀ. ਸਿੰਘ ਓਬਰਾਏ ਨੂੰ ਉਨ੍ਹਾਂ ਦੇ ਲੋਕ ਭਲਾਈ ਕਾਰਜਾਂ ਬਦਲੇ ਫਰਾਂਸ ਦੀ ਰਾਜਧਾਨੀ ਪੈਰਿਸ ਵਿਖੇ ‘ਸ਼ਾਂਤੀਦੂਤ’ ਦੇ ਕੌਮਾਂਤਰੀ ਪੁਰਸਕਾਰ ਨਾਲ ਨਿਵਾਜਿਆ ਗਿਆ ਹੈ।
ਬੀਤੇ ਦਿਨ ‘ਇੰਟਰਨੈਸ਼ਨਲ ਚੈਰਿਟੀ ਫਾਂਊਂਡੇਸ਼ਨ ਹਿਊਮੈਨੀਟੇਰੀਅਨ ਇੰਟਰੈਕਸ਼ਨ’ ਅਤੇ ‘ਯੂਨਾਈਟਿਡ ਨੇਸ਼ਨਜ਼ ਗਲੋਬਲ ਕੰਪੈਕਟ ਯੂ਼.ਐਸ.ਏ.’ ਨਾਮਕ ਸੰਸਥਾਵਾਂ ਵੱਲੋਂ ਕਰਵਾਏ ਗਏ ਵਿਸ਼ੇਸ਼ ਸਮਾਗਮ ਦੌਰਾਨ ਡਾ. ਓਬਰਾਏ ਨੂੰ ਇਹ ਪੁਰਸਕਾਰ ਭੇਟ ਕੀਤਾ ਗਿਆ। ਡਾ. ਓਬਰਾਏ ਨੂੰ ਇਸ ਮੌਕੇ ‘ਸ਼ਾਂਤੀਦੂਤ’ ਦੇ ਸਰਟੀਫਿਕੇਟ ਦੇ ਨਾਲ-ਨਾਲ ‘ਅੰਬੈਸਡਰ ਫਾਰ ਪੀਸ ਪਾਸਪੋਰਟ’ ਵੀ ਜਾਰੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਡਾ. ਓਬਰਾਏ ਵੱਲੋਂ ਬਿਨਾਂ ਕੋਈ ਪੈਸਾ ਇਕੱਠਾ ਕੀਤਿਆਂ ਆਪਣੀ ਕਮਾਈ ਵਿੱਚੋਂ ਹਰ ਮਹੀਨੇ ਕਰੋੜਾਂ ਰੁਪਏ ਖਰਚ ਕਰਕੇ ਸੰਸਾਰ ਭਰ ਵਿੱਚ ਦੇਸ਼ਾਂ, ਧਰਮਾਂ, ਰੰਗਾਂ ਤੇ ਨਸਲਾਂ ਦੀਆਂ ਵਲ਼ਗਣਾਂ ਤੋਂ ਉੱਚੇ ਉਠਦਿਆਂ ਲੋੜਵੰਦਾਂ ਦੀ ਕੀਤੀ ਜਾ ਰਹੀ ਮਦਦ ਨੂੰ ਮੁੱਖ ਰੱਖਦਿਆਂ ਇੰਟਰ-ਯੂਨੀਵਰਸਿਟੀ ਹਾਇਰ ਅਕੈਡਮਿਕ ਕੌਂਸਲ ਵੱਲੋਂ ਡਾ. ਓਬਰਾਏ ਨੂੰ ‘ਪ੍ਰੋਫੈਸਰ ਆਫ਼ ਦਿ ਯੂਨੀਵਰਸਿਟੀ ਕੌਂਸਲ’ ਦੇ ਵਕਾਰੀ ਰੁਤਬੇ ਨਾਲ ਵੀ ਨਿਵਾਜਿਆ ਗਿਆ। ਇਸੇ ਦੌਰਾਨ ‘ਸਾਇੰਸ ਫਾਰ ਪੀਸ-ਵਰਲਡ ਸਾਇੰਟਿਫਿਕ ਕਾਂਗਰਸ ਪੈਰਿਸ’ ਦੁਆਰਾ ਗੋਲਡ ਮੈਡਲ ਵੀ ਪ੍ਰਦਾਨ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਪਟਿਆਲਾ : ਮਨੀ ਐਕਸਚੇਂਜਰ ਨੂੰ ਲੁੱਟਣ ਵਾਲੇ ਚੜ੍ਹੇ ਪੁਲਿਸ ਦੇ ਹੱਥੇ, 20 ਲੱਖ ਨਕਦੀ ਵੀ ਬਰਾਮਦ
ਡਾ. ਐਸ.ਪੀ.ਸਿੰਘ ਓਬਰਾਏ ਦੀ ਇਸ ਵਕਾਰੀ ਤੇ ਮਾਣਮੱਤੀ ਪ੍ਰਾਪਤੀ ਨਾਲ ਪੰਜਾਬੀਅਤ ਅਤੇ ਸਮੁੱਚੇ ਪੰਜਾਬੀ ਭਾਈਚਾਰੇ ਵਿੱਚ ਖੁਸ਼ੀ ਦਾ ਪਸਾਰਾ ਵੇਖਿਆ ਜਾ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: