ameesha patel warrant issue: ਬਾਲੀਵੁੱਡ ਅਦਾਕਾਰਾ ਅਮੀਸ਼ਾ ਪਟੇਲ ਪਿਛਲੇ ਕੁਝ ਸਮੇਂ ਤੋਂ ਫਿਲਮਾਂ ‘ਚ ਘੱਟ ਹੀ ਨਜ਼ਰ ਆਉਂਦੀ ਹੈ। ਹਾਲਾਂਕਿ ਇਸ ਦੇ ਬਾਵਜੂਦ ਅਦਾਕਾਰਾ ਕਿਸੇ ਨਾ ਕਿਸੇ ਕਾਰਨ ਚਰਚਾ ‘ਚ ਰਹਿੰਦੀ ਹੈ। ਇਨ੍ਹੀਂ ਦਿਨੀਂ ਆਪਣੇ ਬੋਲਡ ਲੁੱਕ ਨਾਲ ਲੋਕਾਂ ਦੇ ਹੋਸ਼ ਉਡਾਉਣ ਵਾਲੀ ਅਮੀਸ਼ਾ ਵਿਵਾਦਾਂ ‘ਚ ਫੱਸਦੀ ਨਜ਼ਰ ਆ ਰਹੀ ਹੈ। ਦਰਅਸਲ, ਮੁਰਾਦਾਬਾਦ ਦੇ ACJM-5 ਕੋਟ ਨੇ ਅਦਾਕਾਰਾ ਦੇ ਖਿਲਾਫ ਵਾਰੰਟ ਜਾਰੀ ਕੀਤਾ ਹੈ। ਅਮੀਸ਼ਾ ‘ਤੇ 11 ਲੱਖ ਰੁਪਏ ਲੈ ਕੇ ਆਪਣਾ ਡਾਂਸ ਪ੍ਰੋਗਰਾਮ ਰੱਦ ਕਰਨ ਦਾ ਦੋਸ਼ ਹੈ।
ਹੁਣ ਅਮੀਸ਼ਾ ਨੂੰ 20 ਅਗਸਤ ਨੂੰ ਅਗਲੀ ਸੁਣਵਾਈ ਲਈ ACJM-5 ਦੀ ਅਦਾਲਤ ਵਿੱਚ ਪੇਸ਼ ਹੋਣਾ ਪਵੇਗਾ। ‘ਗਦਰ’ ਦੀ ਅਦਾਕਾਰਾ ਅਮੀਸ਼ਾ ਅਤੇ ਉਸ ਦੀ ਸਹਿਯੋਗੀ ‘ਤੇ 11 ਲੱਖ ਐਡਵਾਂਸ ਲੈਣ ਦੇ ਬਾਵਜੂਦ ਸਮਾਗਮ ‘ਚ ਸ਼ਾਮਲ ਨਾ ਹੋਣ ਦਾ ਦੋਸ਼ ਹੈ। ਦਰਅਸਲ 16 ਨਵੰਬਰ 2017 ਨੂੰ ਅਮੀਸ਼ਾ ਪਟੇਲ ਨੇ ਮੁਰਾਦਾਬਾਦ ‘ਚ ਇਕ ਵਿਆਹ ਪ੍ਰੋਗਰਾਮ ‘ਚ ਡਾਂਸ ਕਰਨ ਆਉਣਾ ਸੀ ਪਰ ਦੋਸ਼ ਹੈ ਕਿ 11 ਲੱਖ ਰੁਪਏ ਐਡਵਾਂਸ ਲੈਣ ਦੇ ਬਾਵਜੂਦ ਉਹ ਨਹੀਂ ਪਹੁੰਚੀ।
ਅਦਾਕਾਰਾ ਦੇ ਖਿਲਾਫ ਮੁਰਾਦਾਬਾਦ ਦੀ ਅਦਾਲਤ ਵਿੱਚ ਧਾਰਾ 120-ਬੀ, 406,504 ਅਤੇ 506 ਆਈਪੀਸੀ ਦੇ ਤਹਿਤ ਸੁਣਵਾਈ ਚੱਲ ਰਹੀ ਹੈ। ਅਮੀਸ਼ਾ ਪਟੇਲ ਖਿਲਾਫ ਮੁਕੱਦਮਾ ਦਾਇਰ ਕਰਨ ਵਾਲੀ ਈਵੈਂਟ ਕੰਪਨੀ ਦੇ ਮਾਲਕ ਪਵਨ ਕੁਮਾਰ ਵਰਮਾ ਦਾ ਕਹਿਣਾ ਹੈ ਕਿ ਉਸ ਨੇ ਨਾ ਸਿਰਫ ਅਮੀਸ਼ਾ ਨੂੰ ਐਡਵਾਂਸ ਪੈਸੇ ਦਿੱਤੇ ਸਨ, ਸਗੋਂ ਉਸ ਨੂੰ ਮੁੰਬਈ ਤੋਂ ਦਿੱਲੀ ਅਤੇ ਦਿੱਲੀ ਤੋਂ ਮੁੰਬਈ ਜਾਣ ਅਤੇ ਮਹਿੰਗੇ ਹੋਟਲਾਂ ਵਿਚ ਰਹਿਣ ਦਾ ਖਰਚਾ ਵੀ ਝੱਲਣਾ ਪਿਆ ਸੀ।