ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਫਿਰ ਤੋਂ ਮਾਤਾ-ਪਿਤਾ ਬਣ ਗਏ ਹਨ। 15 ਫਰਵਰੀ ਨੂੰ ਅਨੁਸ਼ਕਾ ਨੇ ਬੇਟੇ ਨੂੰ ਜਨਮ ਦਿੱਤਾ। ਹਾਲਾਂਕਿ ਉਨ੍ਹਾਂ ਨੇ ਇਸ ਦੀ ਜਾਣਕਾਰੀ 20 ਫਰਵਰੀ ਨੂੰ ਇੰਸਟਾਗ੍ਰਾਮ ਪੋਸਟ ‘ਤੇ ਦਿੱਤੀ। ਕੱਪਲ ਨੇ ਪੁੱਤ ਦਾ ਨਾਂ ਅਕਾਏ ਰੱਖਿਆ ਹੈ। ਇਹ ਦਾ ਮਤਲਬ ਨਿਰਾਕਾਰ ਜਾਂ ਪੂਰਨ ਚੰਦਰਮਾ ਜਾਂ ਪੂਰਨ ਚੰਦਰਮਾ ਦੀ ਰੌਸ਼ਨੀ ਹੁੰਦਾ ਹੈ।
ਪੋਸਟ ਵਿਚ ਵਿਰਾਟ ਨੇ ਲਿਖਿਆ ਸਾਨੂੰ ਇਹ ਦੱਸਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ 15 ਫਰਵਰੀ ਨੂੰ ਅਸੀਂ ਆਪਣੇ ਪੁੱਤਰ ਅਕਾਏ ਤੇ ਵਾਮਿਕਾ ਦੇ ਛੋਟੇ ਭਰਾ ਦਾ ਇਸ ਦੁਨੀਆ ਵਿਚ ਸਵਾਗਤ ਕੀਤਾ ਹੈ। ਅਸੀਂ ਆਪਣੇ ਜੀਵਨ ਦੇ ਇਸ ਖੂਬਸੂਰਤ ਸਮੇਂ ਵਿਚ ਤੁਹਾਡਾ ਆਸ਼ੀਰਵਾਦ ਤੇ ਸ਼ੁੱਭਕਾਮਨਾਵਾਂ ਚਾਹੁੰਦੇ ਹਾਂ। ਅਸੀਂ ਅਪੀਲ ਕਰਦੇ ਹਾਂ ਕਿ ਸਾਡੀ ਪ੍ਰਾਈਵੇਸੀ ਦਾ ਸਨਮਾਨ ਕਰੋ। ਸਾਬਕਾ ਭਾਰਤੀ ਕਪਤਾਨ ਦੀ ਇਸ ਪੋਸਟ ‘ਤੇ ਵਧਾਈਆਂ ਦਾ ਤਾਂਤਾ ਲੱਗ ਗਿਆ ਹੈ। ਕ੍ਰਿਕਟ ਜਗਤ ਦੇ ਸਾਰੇ ਦਿੱਗਜ਼ਾਂ ਨੇ ਕਮੈਂਟਸ ਕਰਕੇ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦੇਣਾ ਸ਼ੁਰੂ ਕਰ ਦਿੱਤਾ ਹੈ।
ਦੱਸ ਦੇਈਏ ਕਿ ਵਿਰਾਟ ਕੋਹਲੀ ਨੇ 2017 ਵਿਚ ਅਨੁਸ਼ਕਾ ਨਾਲ ਵਿਆਹ ਕੀਤਾ ਸੀ। 2021 ਵਿਚ ਦੋਵਾਂ ਨੇ ਧੀ ਨੂੰ ਜਨਮ ਦਿੱਤਾ। ਵਿਰਾਟ ਤੇ ਅਨੁਸ਼ਕਾ ਦੀ ਧੀ ਦਾ ਨਾਂ ਵਾਮਿਕਾ ਹੈ। ਵਿਰਾਟ ਫਿਲਹਾਲ ਭਾਰਤ ਬਨਾਮ ਇੰਗਲੈਂਡ ਸੀਰੀਜ ਦਾ ਹਿੱਸਾ ਨਹੀਂ ਹਨ। ਉਨ੍ਹਾਂ ਨੇ ਨਿੱਜੀ ਕਾਰਨਾਂ ਦੇ ਚੱਲਦੇ ਇਸ ਸੀਰੀਜ ਤੋਂ ਛੁੱਟੀ ਲਈ ਹੈ।