ਬਾਲੀਵੁੱਡ ਦੇ ਸਭ ਤੋਂ ਮਸ਼ਹੂਰ ਅਤੇ ਸਫਲ ਗਾਇਕਾਂ ਵਿੱਚੋਂ ਇੱਕ ਅਰਿਜੀਤ ਸਿੰਘ ਨੇ ਸਾਲ ਦੇ ਪਹਿਲੇ ਮਹੀਨੇ ਵਿੱਚ ਇੱਕ ਐਲਾਨ ਕੀਤਾ ਕਿ ਉਹ ਹੁਣ ਫਿਲਮਾਂ ਲਈ ਗੀਤ ਨਹੀਂ ਗਾਉਣਗੇ। ਗਾਇਕ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸਾਂਝੀ ਕਰਕੇ ਕਿ ਉਹ ਹੁਣ ਪਲੇਬੈਕ ਗਾਇਕ ਵਜੋਂ ਨਵੇਂ ਅਸਾਈਨਮੈਂਟ ਨਹੀਂ ਲੈਣਗੇ।
ਆਪਣੀ ਇੰਸਟਾਗ੍ਰਾਮ ਪੋਸਟ ਵਿੱਚ ਅਰਿਜੀਤ ਸਿੰਘ ਨੇ ਲਿਖਿਆ, “ਨਮਸਤੇ, ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਸ਼ੁਭਕਮਾਨਾਵਾਂ, ਇੰਨੇ ਸਾਲਾਂ ਤੋਂ ਸਰੋਤਿਆਂ ਵਜੋਂ ਮੈਨੂੰ ਇੰਨਾ ਪਿਆਰ ਦੇਣ ਲਈ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ। ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਹੁਣ ਮੈਂ ਅੱਗੇ ਤੋਂ ਪਲੇਬੈਕ ਵੋਕਲਿਸਟ ਵਜੋਂ ਕੋਈ ਨਵਾਂ ਕੰਮ ਨਹੀਂ ਲੈਣ ਵਾਲਾ ਹਾਂ। ਮੈਂ ਇਸ ਨੂੰ ਇਥੇ ਖਤਮ ਕਰ ਰਿਹਾ ਹਾਂ, ਇਹ ਇੱਕ ਬੇਹੱਦ ਖੂਬਸੂਰਤ ਸਫਰ ਰਿਹਾ।”
ਹਾਲਾਂਕਿ ਅਰਿਜੀਤ ਸਿੰਘ ਨੇ ਪਲੇਬੈਕ ਸਿੰਗਿੰਗ ਤੋਂ ਆਪਣੇ ਸੰਨਿਆਸ ਦਾ ਐਲਾਨ ਕੀਤਾ ਹੈ, ਉਸਨੇ ਸਪੱਸ਼ਟ ਕੀਤਾ ਹੈ ਕਿ ਉਹ ਸੰਗੀਤ ਬਣਾਉਣਾ ਬੰਦ ਨਹੀਂ ਕਰੇਗਾ। ਇੰਸਟਾਗ੍ਰਾਮ ‘ਤੇ ਅਰਿਜੀਤ ਨੇ ਸਿਰਫ਼ ਇਹ ਕਿਹਾ ਸੀ ਕਿ ਉਹ ਹੁਣ ਨਵੇਂ ਪਲੇਬੈਕ ਗਾਇਕੀ ਦੇ ਕੰਮ ਨਹੀਂ ਲਏਗਾ, ਪਰ X ‘ਤੇ ਉਸਦੀ ਪੋਸਟ ਨੇ ਉਸਦੇ ਫੈਸਲੇ ਬਾਰੇ ਹੋਰ ਸਪੱਸ਼ਟਤਾ ਪ੍ਰਦਾਨ ਕੀਤੀ।

ਅਰਿਜੀਤ ਨੇ ਖੁਲਾਸਾ ਕੀਤਾ ਕਿ ਭਾਵੇਂ ਉਹ ਫਿਲਮਾਂ ਲਈ ਨਹੀਂ ਗਾਏਗਾ, ਉਹ ਸੁਤੰਤਰ ਤੌਰ ‘ਤੇ ਸੰਗੀਤ ਬਣਾਉਣਾ ਜਾਰੀ ਰੱਖੇਗਾ। 38 ਸਾਲਾ ਗਾਇਕ ਨੇ ਇਹ ਵੀ ਕਿਹਾ ਕਿ ਉਹ ਆਪਣੀਆਂ ਸਾਰੀਆਂ ਪੁਰਾਣੀਆਂ ਵਚਨਬੱਧਤਾਵਾਂ ਨੂੰ ਪੂਰਾ ਕਰੇਗਾ, ਇਸ ਲਈ ਪ੍ਰਸ਼ੰਸਕ ਇਸ ਸਾਲ ਵੀ ਉਸ ਦੀ ਆਵਾਜ਼ ਸੁਣ ਸਕਦੇ ਹਨ।
X ‘ਤੇ, ਅਰਿਜੀਤ ਨੇ ਲਿਖਿਆ, “ਰੱਬ ਮੇਰੇ ‘ਤੇ ਬਹੁਤ ਦਿਆਲੂ ਰਿਹਾ ਹੈ। ਮੈਂ ਚੰਗੇ ਸੰਗੀਤ ਦਾ ਬਹੁਤ ਵੱਡਾ ਪ੍ਰਸ਼ੰਸਕ ਹਾਂ ਅਤੇ ਇੱਕ ਛੋਟੇ ਕਲਾਕਾਰ ਵਜੋਂ ਹੋਰ ਸਿੱਖਦਾ ਰਹਾਂਗਾ ਅਤੇ ਆਪਣੇ ਆਪ ਕੰਮ ਕਰਦਾ ਰਹਾਂਗਾ। ਤੁਹਾਡੇ ਸਾਰੇ ਸਮਰਥਨ ਲਈ ਧੰਨਵਾਦ। ਮੇਰੇ ਕੁਝ ਪੁਰਾਣੇ ਵਾਅਦੇ ਬਾਕੀ ਹਨ, ਜਿਨ੍ਹਾਂ ਨੂੰ ਮੈਂ ਪੂਰਾ ਕਰਾਂਗਾ। ਇਸ ਲਈ ਤੁਸੀਂ ਇਸ ਸਾਲ ਮੇਰੀਆਂ ਕੁਝ ਰਿਲੀਜ਼ ਸੁਣ ਸਕਦੇ ਹਾਂ। ਸਾਫ ਤੌਰ ‘ਤੇ ਕਹਿ ਦਿਆਂ- ਮੈਂ ਮਿਊਜਿਕ ਬਣਾਉਣਾ ਬੰਦ ਨਹੀਂ ਕਰ ਰਿਹਾ ਹਾਂ।
ਦੱਸ ਦੇਈਏ ਕਿ ਅਰਿਜੀਤ ਸਿੰਘ ਨੂੰ ਅੱਜ ਭਾਰਤੀ ਸੰਗੀਤ ਉਦਯੋਗ ਦੇ ਸਭ ਤੋਂ ਵੱਡੇ ਨਾਵਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਉਸ ਦੀ ਆਵਾਜ਼ ਨਾ ਸਿਰਫ਼ ਰੋਮਾਂਟਿਕ ਗੀਤਾਂ ਦੀ ਪਛਾਣ ਬਣ ਗਈ ਹੈ, ਸਗੋਂ ਉਸ ਨੇ ਦਰਦ, ਸੂਫੀ ਅਤੇ ਦੇਸ਼ ਭਗਤੀ ਦੇ ਗੀਤਾਂ ਵਿੱਚ ਵੀ ਇੱਕ ਵੱਖਰੀ ਛਾਪ ਛੱਡੀ ਹੈ। ਫਿਲਮ “ਆਸ਼ਿਕੀ 2” ਦਾ ਗੀਤ “ਤੁਮ ਹੀ ਹੋ” ਅਰਿਜੀਤ ਦੇ ਕਰੀਅਰ ਵਿੱਚ ਇੱਕ ਮੋੜ ਸਾਬਤ ਹੋਇਆ। ਉਸਨੇ ਹਿੰਦੀ, ਬੰਗਾਲੀ, ਤਾਮਿਲ, ਤੇਲਗੂ, ਮਰਾਠੀ ਅਤੇ ਕੰਨੜ ਵਿੱਚ ਗੀਤ ਗਾਏ ਹਨ। ਇਸ ਗਾਇਕ ਨੇ 300 ਤੋਂ ਵੱਧ ਫਿਲਮਾਂ ਨੂੰ ਆਪਣੀ ਆਵਾਜ਼ ਦਿੱਤੀ ਹੈ।
ਇਹ ਵੀ ਪੜ੍ਹੋ : ਮਹਾਰਾਸ਼ਟਰ ਦੇ ਡਿਪਟੀ CM ਦਾ ਪਲੇਨ ਕ੍ਰੈਸ਼, ਜਹਾਜ਼ ‘ਚ ਸਵਾਰ ਅਜੀਤ ਪਵਾਰ ਸਣੇ 5 ਲੋਕਾਂ ਦੀ ਮੌਤ
ਉਸ ਨੂੰ ਰਾਸ਼ਟਰੀ ਫਿਲਮ ਪੁਰਸਕਾਰ ਅਤੇ ਫਿਲਮਫੇਅਰ ਪੁਰਸਕਾਰ ਸਮੇਤ ਕਈ ਸਨਮਾਨ ਮਿਲੇ ਹਨ। ਉਹ ਸਪੋਟੀਫਾਈ, ਯੂਟਿਊਬ ਅਤੇ ਹੋਰ ਸੰਗੀਤ ਪਲੇਟਫਾਰਮਾਂ ‘ਤੇ ਦੁਨੀਆ ਭਰ ਵਿੱਚ ਸਭ ਤੋਂ ਵੱਧ ਸੁਣੇ ਜਾਣ ਵਾਲੇ ਭਾਰਤੀ ਕਲਾਕਾਰਾਂ ਵਿੱਚੋਂ ਇੱਕ ਹੈ।
ਅਰਿਜੀਤ ਸਿੰਘ ਦਾ ਸਫ਼ਰ ਸੌਖਾ ਨਹੀਂ ਸੀ। ਉਸਨੇ ਆਪਣੇ ਕਰੀਅਰ ਦੀ ਸ਼ੁਰੂਆਤ ਰਿਐਲਿਟੀ ਸ਼ੋਅ “ਫੇਮ ਗੁਰੂਕੁਲ” ਨਾਲ ਕੀਤੀ, ਜਿੱਥੇ ਉਹ ਜਿੱਤਣ ਵਿੱਚ ਅਸਫਲ ਰਿਹਾ। ਬਾਅਦ ਵਿੱਚ, ਉਸਨੇ ਇੰਡਸਟਰੀ ਵਿੱਚ ਆਪਣੇ ਆਪ ਨੂੰ ਸਥਾਪਿਤ ਕਰਨ ਲਈ ਲੰਬੇ ਸਮੇਂ ਤੱਕ ਸੰਘਰਸ਼ ਕੀਤਾ। ਪਰ ਆਪਣੀ ਸਖ਼ਤ ਮਿਹਨਤ ਨਾਲ, ਉਸਨੇ ਇਹ ਮੁਕਾਮ ਹਾਸਲ ਕੀਤਾ। ਹਰ ਫਿਲਮ ਵਿੱਚ ਉਸਦੀ ਆਵਾਜ਼ ਵਾਲਾ ਇੱਕ ਗੀਤ ਜ਼ਰੂਰੀ ਮੰਨਿਆ ਜਾਂਦਾ ਸੀ।
ਵੀਡੀਓ ਲਈ ਕਲਿੱਕ ਕਰੋ -:
























