Babbu Mann at Ghazipur border : ਪੰਜਾਬੀ ਗਾਇਕ ਬੱਬੂ ਮਾਨ ਕਿਸਾਨੀ ਸੰਘਰਸ਼ ਵਿੱਚ ਲਗਾਤਾਰ ਡਟੇ ਹੋਏ ਹਨ । ਹਾਲ ਹੀ ਵਿੱਚ ਬੱਬੂ ਮਾਨ ਗਾਜ਼ੀਪੁਰ ਸਰਹੱਦ ‘ਤੇ ਪਹੁੰਚੇ । ਇਸ ਮੌਕੇ ਬੱਬੂ ਮਾਨ ਨੇ ਸਟੇਜ ਤੋਂ ਕਿਸਾਨਾਂ ਦੇ ਇੱਕਠ ਨੂੰ ਵੀ ਸੰਬੋਧਨ ਕੀਤਾ । ਕਿਸਾਨੀ ਮੰਚ ਤੋਂ ਗਾਇਕ ਬੱਬੂ ਮਾਨ ਨੇ ਕਿਸਾਨਾਂ ਨੂੰ ਕਿਸਾਨੀ ਸੰਘਰਸ਼ ਵਿਚ ਡਟਣ ਦਾ ਸੱਦਾ ਦਿੱਤਾ । ਉਨ੍ਹਾਂ ਆਖਿਆ ਕਿ ਕੁਰਬਾਨੀਆਂ ਅਤੇ ਸਮੱਸਿਆਵਾਂ ਸਿਰਫ ਭਾਰਤੀਆਂ ਦੇ ਹਿੱਸੇ ਹੀ ਆਉਂਦੀਆਂ ਹਨ, ਇਸ ਲਈ ਕਿਸੇ ਨੂੰ ਘਬਰਾਉਣ ਦੀ ਲੋੜ ਨਹੀਂ ਹੈ।
ਇਸ ਮੌਕੇ ਉਹਨਾਂ ਨੇ ਕੇਂਦਰ ਦੀ ਮੋਦੀ ਸਰਕਾਰ ਨੂੰ ਵੀ ਲੰਮੇ ਹੱਥੀਂ ਲਿਆ । ਉਹਨਾਂ ਸਰਕਾਰ ਦੇ ਨੁਮਾਇੰਦਿਆਂ ਨੂੰ ਕਾਫੀ ਖਰੀਆਂ ਖੋਟੀਆਂ ਸੁਣਾਈਆਂ ।ਇਸ ਦੌਰਾਨ ਉਹਨਾਂ ਨੇ ਕਿਸਾਨ ਆਗੂ ਰਾਕੇਸ਼ ਟਿਕੈਤ ਨਾਲ ਮੁਲਾਕਾਤ ਕੀਤੀ। ਕਿਸਾਨ ਆਗੂ ਨੇ ਪੰਜਾਬੀ ਗਾਇਕ ਦਾ ਭਰਵਾਂ ਸਵਾਗਤ ਕੀਤਾ। ਤੁਹਾਨੂੰ ਦੱਸ ਦਿੰਦੇ ਹਾਂ ਕਿ ਮੋਦੀ ਸਰਕਾਰ ਕਿਸਾਨ ਅੰਦੋਲਨ ਨੂੰ ਦਬਾਉਣਾ ਚਾਹੁੰਦੀ ਹੈ ਪਰ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਡਟੇ ਹੋਏ ਹਨ । ਪਿਛਲੇ 75 ਦਿਨਾਂ ਤੋਂ ਕਿਸਾਨਾਂ ਦਾ ਲਗਾਤਾਰ ਮੋਰਚਾ ਜਾਰੀ ਹੈ ।
ਬੱਬੂ ਮਾਨ ਆਪਣੇ ਬੇਬਾਕ ਅੰਦਾਜ਼ ਲਈ ਜਾਣੇ ਜਾਂਦੇ ਹਨ । ਉਨ੍ਹਾਂ ਨੇ ਲੋਹੜੀ ਦਾ ਤਿਉਹਾਰ ਦਿੱਲੀ ਦੀਆਂ ਸਰਹੱਦਾਂ ‘ਤੇ ਧਰਨਾ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਨਾਲ ਮਨਾਇਆ । ਇਸ ਮੌਕੇ ਉਨ੍ਹਾਂ ਤੋਂ ਮੀਡੀਆ ਵੱਲੋਂ ਸਵਾਲ ਚੁੱਕੇ ਜਾਣ ‘ਤੇ ਕਿ ਪ੍ਰਦਰਸ਼ਨ ਕਰ ਰਹੇ ਇਨ੍ਹਾਂ ਕਿਸਾਨਾਂ ਕੋਲ 25-25 ਲੱਖ ਦੀਆਂ ਗੱਡੀਆਂ ਹਨ ਤਾਂ ਇਸ ਦਾ ਜਵਾਬ ਦਿੰਦਿਆਂ ਉਨ੍ਹਾਂ ਨੇ ਕਿਹਾ ਕਿ ਕਿ ਪੱਚੀ ਪੱਚੀ ਲੱਖ ਦੀਆਂ ਗੱਡੀਆਂ ਅਸੀਂ ਕਿਉਂ ਨਹੀਂ ਖਰੀਦ ਸਕਦੇ ? ਮਿਹਨਤ ਕਰਦੇ ਹਾਂ ਅਤੇ ਮੈਂ 18-18 ਘੰਟੇ ਸਟੂਡੀਓ ‘ਚ ਕੰਮ ਕਰਦਾ ਹਾਂ ਮਿਹਨਤ ਕਰਦੇ ਹਾਂ ਤੇ ਮਹਿੰਗੀਆਂ ਗੱਡੀਆਂ ਖਰੀਦਦੇ ਹਾਂ । ਦੱਸ ਦਈਏ ਕਿ ਕੁਝ ਮੀਡੀਆ ਚੈਨਲਾਂ ਵੱਲੋਂ ਕਿਸਾਨਾਂ ਦੇ ਧਰਨੇ ਪ੍ਰਦਰਸ਼ਨ ‘ਤੇ ਸਵਾਲ ਚੁੱਕੇ ਜਾ ਰਹੇ ਹਨ । ਕਦੇ ਖਾਲਸਾ ਏਡ ਵੱਲੋਂ ਕਿਸਾਨਾਂ ਦੀ ਕੀਤੀ ਜਾ ਰਹੀ ਸੇਵਾ ਅਤੇ ਕਦੇ ਧਰਨੇ ‘ਚ ਸ਼ਾਮਿਲ ਹੋਣ ਆਏ ਲੋਕਾਂ ਦੀਆਂ ਵੱਡੀਆਂ ਗੱਡੀਆਂ ਨੂੰ ਲੈ ਕੇ ਸਵਾਲ ਚੁੱਕੇ ਜਾ ਰਹੇ ਹਨ ।
ਇਹ ਵੀ ਦੇਖੋ : ਲੋਕਸਭਾ ‘ਚ ਪ੍ਰਧਾਨਮੰਤਰੀ ਮੋਦੀ VS ਹਰਸਿਮਰਤ ਕੌਰ ਬਾਦਲ, ਦੇਖੋ Live