Babbu Mann’s new poetry : ਪੰਜਾਬੀ ਗਾਇਕ ਬੱਬੂ ਮਾਨ ਜੋ ਕਿ ਸੋਸ਼ਲ ਮੀਡੀਆ ‘ਤੇ ਕਾਫੀ ਸਰਗਰਮ ਰਹਿੰਦੇ ਨੇ । ਉਹ ਕਿਸਾਨੀ ਗੀਤਾਂ ਅਤੇ ਕਿਸਾਨੀ ਪੋਸਟਾਂ ਦੇ ਨਾਲ ਲੋਕਾਂ ਦਾ ਉਤਸ਼ਾਹ ਵਧਾ ਰਹੇ ਨੇ । ਇਸ ਵਾਰ ਉਹ ‘Chai Wala’ ਟਾਈਟਲ ਹੇਠ ਸ਼ਾਇਰੀ ਲੈ ਕੇ ਆਏ ਨੇ । ਇਸ ‘ਚ ਉਨ੍ਹਾਂ ਪੰਜਾਬੀ ਭਾਸ਼ਾ ਦੀ ਖ਼ੂਬਸੂਰਤੀ ਤੇ ਕਿਸਾਨਾਂ ਦੇ ਹੱਕਾਂ ਦੀ ਗੱਲ ਕੀਤੀ ਹੈ ਤੇ ਨਾਲ ਹੀ ਤਾਨਾਸ਼ਾਹੀ ਸਰਕਾਰ ਨੂੰ ਲਾਹਨਤਾਂ ਵੀ ਪਾਈਆਂ ਨੇ।
ਇਸ ਨੂੰ ਉਨ੍ਹਾਂ ਆਡੀਓ ਟਰੈਕ ‘ਚ ਰਿਲੀਜ਼ ਕੀਤਾ ਹੈ । ਸ਼ਾਇਰੀ ਦੇ ਬੋਲਾਂ ਤੋਂ ਲੈ ਕੇ ਮਿਊਜ਼ਿਕ ਤੱਕ ਸਭ ਬੱਬੂ ਮਾਨ ਨੇ ਖੁਦ ਤਿਆਰ ਕੀਤਾ ਹੈ । ਇਸ ਨੂੰ ਉਨ੍ਹਾਂ ਨੇ ਆਪਣੇ ਆਫੀਸ਼ੀਅਲ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਹੈ । ਦਰਸ਼ਕਾਂ ਵੱਲੋਂ ਇਸ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਜਿਸ ਕਰਕੇ ਇਹ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ । ਜੇ ਗੱਲ ਕਰੀਏ ਬੱਬੂ ਮਾਨ ਦੀ ਤਾਂ ਉਹ ਕਿਸਾਨੀ ਅੰਦੋਲਨ ‘ਚ ਵੱਧ ਚੜ੍ਹ ਕੇ ਹਿੱਸਾ ਲੈ ਰਹੇ ਨੇ ।
ਬੱਬੂ ਮਾਨ ਆਪਣੇ ਬੇਬਾਕ ਅੰਦਾਜ਼ ਲਈ ਜਾਣੇ ਜਾਂਦੇ ਹਨ । ਉਨ੍ਹਾਂ ਨੇ ਬੀਤੇ ਦਿਨ ਲੋਹੜੀ ਦਾ ਤਿਉਹਾਰ ਦਿੱਲੀ ਦੀਆਂ ਸਰਹੱਦਾਂ ‘ਤੇ ਧਰਨਾ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਨਾਲ ਮਨਾਇਆ । ਇਸ ਮੌਕੇ ਉਨ੍ਹਾਂ ਤੋਂ ਮੀਡੀਆ ਵੱਲੋਂ ਸਵਾਲ ਚੁੱਕੇ ਜਾਣ ‘ਤੇ ਕਿ ਪ੍ਰਦਰਸ਼ਨ ਕਰ ਰਹੇ ਇਨ੍ਹਾਂ ਕਿਸਾਨਾਂ ਕੋਲ 25-25 ਲੱਖ ਦੀਆਂ ਗੱਡੀਆਂ ਹਨ ਤਾਂ ਇਸ ਦਾ ਜਵਾਬ ਦਿੰਦਿਆਂ ਉਨ੍ਹਾਂ ਨੇ ਕਿਹਾ ਕਿ ਕਿ ਪੱਚੀ ਪੱਚੀ ਲੱਖ ਦੀਆਂ ਗੱਡੀਆਂ ਅਸੀਂ ਕਿਉਂ ਨਹੀਂ ਖਰੀਦ ਸਕਦੇ ? ਮਿਹਨਤ ਕਰਦੇ ਹਾਂ ਅਤੇ ਮੈਂ 18-18 ਘੰਟੇ ਸਟੂਡੀਓ ‘ਚ ਕੰਮ ਕਰਦਾ ਹਾਂ ਮਿਹਨਤ ਕਰਦੇ ਹਾਂ ਤੇ ਮਹਿੰਗੀਆਂ ਗੱਡੀਆਂ ਖਰੀਦਦੇ ਹਾਂ । ਦੱਸ ਦਈਏ ਕਿ ਕਿਸਾਨਾਂ ਦੇ ਧਰਨੇ ਪ੍ਰਦਰਸ਼ਨ ‘ਤੇ ਸਵਾਲ ਚੁੱਕੇ ਜਾ ਰਹੇ ਹਨ । ਕਦੇ ਖਾਲਸਾ ਏਡ ਵੱਲੋਂ ਕਿਸਾਨਾਂ ਦੀ ਕੀਤੀ ਜਾ ਰਹੀ ਸੇਵਾ ਅਤੇ ਕਦੇ ਧਰਨੇ ‘ਚ ਸ਼ਾਮਿਲ ਹੋਣ ਆਏ ਲੋਕਾਂ ਦੀਆਂ ਵੱਡੀਆਂ ਗੱਡੀਆਂ ਨੂੰ ਲੈ ਕੇ ਸਵਾਲ ਚੁੱਕੇ ਜਾ ਰਹੇ ਹਨ ।