gippy grewal and neeru bajwa : ਪਿਛਲੇ ਕਰੀਬ ਡੇਢ ਸਾਲ ਤੋਂ ਬੰਦ ਪਾਏ ਸਿਨੇਮਾ ਘਰਾਂ ਦੇ ਵਿੱਚ ਹੁਣ ਰੌਣਕਾਂ ਲੱਗਣ ਵਾਲੀਆਂ ਹਨ। ਪੰਜਾਬੀ ਇੰਡਸਟਰੀ ਵਲੋਂ ਇੱਕ ਤੋਂ ਬਾਅਦ ਇੱਕ ਫਿਲਮ ਰਿਲੀਜ਼ ਕੀਤੀ ਜਾ ਰਹੀ ਹੈ। ਇਸ ਦੌਰਾਨ ਨਵੀਆਂ ਫ਼ਿਲਮਾਂ ਦੀ ਰਿਲੀਜ਼ ਡੇਟ ਦਾ ਵੀ ਐਲਾਨ ਕੀਤਾ ਜਾ ਰਿਹਾ ਹੈ। ਹੁਣ ਗਿੱਪੀ ਗਰੇਵਾਲ ਤੇ ਨੀਰੂ ਬਾਜਵਾ ਦੀ ਫਿਲਮ ‘ਫੱਟੇ ਦਿੰਦੇ ਚੱਕ ਪੰਜਾਬੀ’ ਦੀ ਰਿਲੀਜ਼ ਡੇਟ ਤੋਂ ਪਰਦਾ ਉੱਠ ਗਿਆ ਹੈ।
ਗਿੱਪੀ ਗਰੇਵਾਲ ਤੇ ਨੀਰੂ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਪੋਸਟਰ ਸਾਂਝਾ ਕੀਤਾ ਹੈ। ਜਿਸ ਵਿੱਚ ਦੱਸਿਆ ਗਿਆ ਹੈ ਕਿ ਇਹ ਫਿਲਮ ਅਗਲੇ ਸਾਲ 11 ਫਰਵਰੀ ਨੂੰ ਰਿਲੀਜ਼ ਹੋਵੇਗੀ। ਇਸ ਪੋਸਟ ਤੇ ਪ੍ਰਸ਼ੰਸਕ ਵੀ ਕੰਮੈਂਟ ਕਰਕੇ ਆਪਣੀ ਉੱਤਸੁਕਤਾ ਸਾਂਝੀ ਕਰ ਰਹੇ ਹਨ। ਗਿੱਪੀ ਗਰੇਵਾਲ ਤੇ ਨੀਰੂ ਬਾਜਵਾ ਤੋਂ ਇਲਾਵਾ ‘ਫੱਟੇ ਦਿੰਦੇ ਚੱਕ ਪੰਜਾਬੀ’ ਫਿਲਮ ਦੇ ਵਿੱਚ ਬਾਲੀਵੁੱਡ ਐਕਟਰ ਅਨੂ ਕਪੂਰ , ਰਾਣਾ ਰਣਬੀਰ ਤੋਂ ਇਲਾਵਾ ਪਾਕਿਸਤਾਨੀ ਕਲਾਕਾਰਾਂ ਜਿਵੇ ਕਿ ਨਸੀਮ ਵਿੱਕੀ , ਅਹਿਮਦ ਅਲੀ ਬੱਟ ਆਦਿ ਨਜ਼ਰ ਆਉਣਗੇ।
ਇਸ ਫਿਲਮ ਦੇ ਵਿੱਚ ਭਾਰਤੀ ਕਲਾਕਾਰਾਂ ਦਾ ਤੇ ਪਾਕਿਸਤਾਨੀ ਕਲਾਕਾਰਾਂ ਦਾ ਸੁਮੇਲ ਦੇਖਣ ਨੂੰ ਮਿਲੇਗਾ। ਮਨੀਸ਼ ਭੱਟ ਵਲੋਂ ਡਾਇਰੈਕਟ ਕੀਤੀ ਇਹ ਫਿਲਮ ਹੁਣ ਅਗਲੇ ਸਾਲ 11 ਫਰਵਰੀ ਨੂੰ ਸਿਨੇਮਾ ਘਰਾਂ ਦੇ ਵਿੱਚ ਰੌਣਕ ਲਗਾਉਂਦੀ ਹੋਈ ਨਜ਼ਰ ਆਵੇਗੀ। ਦੱਸ ਦੇਈਏ ਕਿ ਇੱਕ ਲੰਬੇ ਅਰਸੇ ਦੇ ਬਾਅਦ ਗਿੱਪੀ ਗਰੇਵਾਲ ਤੇ ਨੀਰੂ ਬਾਜਵਾ ਦੀ ਜੋੜੀ ਵੱਡੇ ਪਰਦੇ ਤੇ ਨਜ਼ਰ ਆਵੇਗੀ। ਇਸ ਤੋਂ ਇਲਾਵਾ ਇਹ ਜੋੜੀ ‘ਪਾਣੀ ‘ਚ ਮਧਾਣੀ’ ਫਿਲਮ ਵੀ ਨਜ਼ਰ ਆਵੇਗੀ।