Jacqueline Money Laundering Case: ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਤੋਂ ਈਡੀ(ਇਨਫੋਰਸਮੈਂਟ ਡਾਇਰੈਕਟੋਰੇਟ) ਨੇ 30 ਅਗਸਤ ਨੂੰ 200 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਨਾਲ ਜੁੜੇ ਇੱਕ ਮਾਮਲੇ ਵਿੱਚ ਪੁੱਛਗਿੱਛ ਕੀਤੀ ਸੀ। ਇਸ ਦੌਰਾਨ ਜੈਕਲੀਨ ਨੇ ਕਈ ਅਹਿਮ ਖੁਲਾਸੇ ਕੀਤੇ ਹਨ।
ਦੱਸਿਆ ਜਾ ਰਿਹਾ ਹੈ ਕਿ ਜੈਕਲੀਨ ਖੁਦ ਇਸ ਧੋਖਾਧੜੀ ਰੈਕੇਟ ਦੀ ਸ਼ਿਕਾਰ ਹੋ ਗਈ ਹੈ। ਉਸ ਤੋਂ ਗਵਾਹ ਵਜੋਂ ਪੁੱਛਗਿੱਛ ਕੀਤੀ ਗਈ ਹੈ। ਸੋਮਵਾਰ ਨੂੰ ਪੁੱਛਗਿੱਛ ਵਿੱਚ ਜੈਕਲੀਨ ਨੇ ਕਈ ਅਹਿਮ ਖੁਲਾਸੇ ਕੀਤੇ ਹਨ। ਉਸ ਤੋਂ ਪੰਜ ਘੰਟੇ ਪੁੱਛਗਿੱਛ ਕੀਤੀ ਗਈ। ਈਡੀ ਦੀ ਜਾਂਚ ਤੋਂ ਪਤਾ ਚੱਲਿਆ ਹੈ ਕਿ ਮਨੀ ਲਾਂਡਰਿੰਗ ਕਿੰਗਪਿਨ ਸੁਕੇਸ਼ ਨੇ ਜੈਕਲੀਨ ਨੂੰ ਆਪਣੀ ਸਾਥੀ ਲੀਨਾ ਪਾਲ ਰਾਹੀਂ ਨਿਸ਼ਾਨਾ ਬਣਾਇਆ ਸੀ।
ਜੈਕਲੀਨ ਇਸ ਮਾਮਲੇ ਵਿੱਚ ਦੋਸ਼ੀ ਨਹੀਂ ਹੈ ਪਰ ਗਵਾਹ ਦੇ ਰੂਪ ਵਿੱਚ ਉਸ ਤੋਂ ਪੁੱਛਗਿੱਛ ਕੀਤੀ ਗਈ ਹੈ। ਈਡੀ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਸੁਕੇਸ਼ ਨੇ ਬਾਲੀਵੁੱਡ ਦੇ ਇੱਕ ਮਸ਼ਹੂਰ ਅਦਾਕਾਰ ਨੂੰ ਵੀ ਨਿਸ਼ਾਨਾ ਬਣਾਇਆ ਸੀ। ਹਾਲਾਂਕਿ ਫਿਲਹਾਲ ਇਸ ਅਦਾਕਾਰ ਦਾ ਨਾਂ ਗੁਪਤ ਰੱਖਿਆ ਗਿਆ ਹੈ। ਇਸ ਦੇ ਨਾਲ ਹੀ 24 ਅਗਸਤ ਨੂੰ ਜਾਂਚ ਏਜੰਸੀ ਨੇ ਚੇਨਈ ਦੇ ਇੱਕ ਬੰਗਲੇ ‘ਤੇ ਛਾਪਾ ਮਾਰਿਆ, ਜਿੱਥੋਂ ਉਨ੍ਹਾਂ ਨੇ 82 ਲੱਖ ਰੁਪਏ ਨਕਦ ਅਤੇ 12 ਤੋਂ ਵੱਧ ਲਗਜ਼ਰੀ ਕਾਰਾਂ ਬਰਾਮਦ ਕੀਤੀਆਂ।
ਇਸ ਮਾਮਲੇ ਵਿੱਚ ਈਡੀ ਨੇ ਕਿਹਾ ਕਿ ਸੁਕੇਸ਼, ਜੋ ਇਸ ਵੇਲੇ ਦਿੱਲੀ ਦੀ ਰੋਹਿਣੀ ਜੇਲ੍ਹ ਵਿੱਚ ਬੰਦ ਹੈ, 17 ਸਾਲ ਦੀ ਉਮਰ ਤੋਂ ਹੀ ਧੋਖਾਧੜੀ ਦੇ ਕੰਮ ਵਿੱਚ ਸ਼ਾਮਲ ਹੈ ਅਤੇ ਉਸ ਦੇ ਖਿਲਾਫ ਕਈ ਐਫਆਈਆਰ ਦਰਜ ਹਨ। ਉਨ੍ਹਾਂ ਕਿਹਾ ਕਿ ਜੇਲ੍ਹ ਵਿੱਚ ਹੋਣ ਦੇ ਬਾਵਜੂਦ ਸੁਕੇਸ਼ ਨੇ ਲੋਕਾਂ ਨਾਲ ਧੋਖਾ ਕਰਨਾ ਬੰਦ ਨਹੀਂ ਕੀਤਾ। ਫਿਲਹਾਲ ਦਿੱਲੀ ਪੁਲਿਸ ਉਸਦੇ ਖਿਲਾਫ ਅਪਰਾਧਕ ਸਾਜ਼ਿਸ਼, ਧੋਖਾਧੜੀ ਅਤੇ ਕਰੀਬ 200 ਕਰੋੜ ਰੁਪਏ ਦੀ ਵਸੂਲੀ ਦੇ ਮਾਮਲੇ ਵਿੱਚ ਜਾਂਚ ਕਰ ਰਹੀ ਹੈ।