ਮਸ਼ਹੂਰ ਗਲਜ਼ ਗਾਇਕ ਪੰਕਜ ਉਧਾਸ ਦਾ ਅੱਜ 72 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ। ਗਾਇਕ ਪਿਛਲੇ ਕਈ ਦਿਨਾਂ ਤੋਂ ਬੀਮਾਰ ਚੱਲ ਰਹੇ ਸਨ। ਇਸ ਦੀ ਜਾਣਕਾਰੀ ਉਨ੍ਹਾਂ ਦੀ ਬੇਟੀ ਨਾਯਾਬ ਨੇ ਦਿੱਤੀ ਹੈ। ਉਨ੍ਹਾਂ ਨੇ ਮੁੰਬਈ ‘ਚ ਆਖਰੀ ਸਾਹ ਲਏ। ਪੰਕਜ ਉਧਾਸ ਨੂੰ 2006 ‘ਚ ਪਦਮਸ੍ਰੀ ਐਵਾਰਡ ਮਿਲਿਆ ਸੀ ।
ਗਜ਼ਲ ਗਾਇਕ ਪਿਛਲੇ ਕਈ ਦਿਨਾਂ ਤੋਂ ਬੀਮਾਰ ਚੱਲ ਰਹੇ ਸਨ। ਉਨ੍ਹਾਂ ਨੂੰ ਵੱਡੀ ਪਛਾਣ ਫੇਮਸ ਗਜ਼ਰ ‘ਚਿੱਠੀ ਆਈ ਹੈ’ ਤੋਂ ਮਿਲੀ ਸੀ। ਪੰਕਜ ਉਧਾਸ ਦਾ ਜਨਮ 17 ਮਈ 1951 ਨੂੰ ਗੁਜਰਾਤ ਦੇ ਜੇਤਪੁਰ ਵਿਚ ਹੋਇਆ ਸੀ। ਉਹ ਆਪਣੇ ਤਿੰਨੋਂ ਭਰਾਵਾਂ ਵਿਚ ਸਭ ਤੋਂ ਛੋਟੇ ਸਨ। ਉਨ੍ਹਾਂ ਦਾ ਪਰਿਵਾਰ ਰਾਜਕੋਟ ਕੋਲ ਚਰਖਾੜੀ ਨਾਂ ਦੇ ਕਸਬੇ ਦਾ ਰਹਿਣ ਵਾਲਾ ਸੀ। ਉਨ੍ਹਾਂ ਦੇ ਦਾਦਾ ਜਿਮੀਂਦਾਰ ਸਨ ਅਤੇ ਭਾਵਨਗਰ ਸੂਬੇ ਦੇ ਦੀਵਾਨ ਵੀ ਸਨ। ਉਨ੍ਹਾਂ ਦੇ ਪਿਤਾ ਕੇਸ਼ੂਭਾਈ ਉਧਾਸ ਸਰਕਾਰੀ ਮੁਲਾਜ਼ਮ ਸਨ, ਉਨ੍ਹਾਂ ਨੂੰ ਇਸਰਾਜ ਵਜਾਉਣ ਦਾ ਬਹੁਤ ਸ਼ੌਕ ਸੀ। ਦੂਜੇ ਪਾਸੇ ਉਨ੍ਹਾਂ ਦੀ ਮਾਂ ਜੀਤੂਬੇਨ ਉਧਾਸ ਨੂੰ ਗਾਣਿਆਂ ਦਾ ਬਹੁਤ ਸ਼ੌਕ ਸੀ। ਇਹੀ ਕਾਰਨ ਸੀ ਕਿ ਪੰਕਜ ਉਧਾਸ ਸਣੇ ਉਨ੍ਹਾਂ ਦੇ ਦੋਵੇਂ ਭਰਾਵਾਂ ਦਾ ਰੁਝਾਨ ਸੰਗੀਤ ਵੱਲ ਹਮੇਸ਼ਾ ਤੋਂ ਰਿਹਾ।
ਪੰਕਜ ਨੇ ਕਦੇ ਨਹੀਂ ਸੋਚਿਆ ਸੀ ਕਿ ਉਹ ਆਪਣਾ ਕਰੀਅਰ ਗਾਇਕੀ ਵਿਚ ਬਣਾਉਣਗੇ। ਉਨ੍ਹੀਂ ਦਿਨੀਂ ਭਾਰਤ ਤੇ ਚੀਨ ਵਿਚ ਯੁੱਧ ਚੱਲ ਰਿਹਾ ਸੀ। ਇਸੇ ਦੌਰਾਨ ਲਤਾ ਮੰਗੇਸ਼ਕਰ ਦਾ ‘ਏ ਮੇਰੇ ਵਤਨ ਕੇ ਲੋਗੋ’ ਗਾਣਾ ਰਿਲੀਜ਼ ਹੋਇਆ ਸੀ। ਪੰਕਜ ਨੂੰ ਇਹ ਗਾਣਾ ਬਹੁਤ ਪਸੰਦ ਆਇਆ। ਉਨ੍ਹਾਂ ਨੇ ਬਿਨਾਂ ਕਿਸੇ ਦੀ ਮਦਦ ਨਾਲ ਇਸ ਗਾਣੇ ਨੂੰ ਉਸੇ ਲੈਅ ਤੇ ਸੁਰ ਨਾਲ ਤਿਆਰ ਕੀਤਾ।
ਇਕ ਦਿਨ ਸਕੂਲ ਦੇ ਪ੍ਰਿੰਸੀਪਲ ਨੂੰ ਪਤਾ ਲੱਗਾ ਕਿ ਉਹ ਗਾਇਕੀ ਵਿਚ ਬੇਹਤਰ ਹੈ ਜਿਸ ਦੇ ਬਾਅਦ ਉਨ੍ਹਾਂ ਨੂੰ ਸਕੂਲ ਪ੍ਰੇਅਰ ਟੀਮ ਦਾ ਹੈੱਡ ਬਣਾ ਦਿੱਤਾ ਗਿਆ। ਇਕ ਦਿਨ ਪੰਕਜ ਦੇ ਸਕੂਲ ਦੇ ਟੀਚਰ ਆਏ ਤੇ ਉਨ੍ਹਾਂ ਨੂੰ ਕਲਚਰਲ ਪ੍ਰੋਗਰਾਮ ਵਿਚ ਇਕ ਗਾਣੇ ਦੀ ਫਰਮਾਇਸ਼ ਕੀਤੀ। ਪੰਕਜ ਨੇ ‘ਏ ਮੇਰੇ ਵਤਨ ਦੇ ਲੋਗੋਂ’ ਗਾਣਾ ਗਾਇਆ। ਉਨ੍ਹਾਂ ਦੇ ਇਸ ਗੀਤ ਨਾਲ ਉਥੇ ਬੈਠੇ ਸਾਰੇ ਲੋਕਾਂ ਦੀਆਂ ਅੱਖਾਂ ਨਮ ਹੋ ਗਈਆਂ।
ਪੰਕਜ ਦੇ ਦੋਵੇਂ ਭਰਾ ਮਨਹਰ ਤੇ ਨਿਰਜਲ ਉਧਾਸ ਮਿਊਜ਼ਿਕ ਇੰਡਸਟਰੀ ਵਿਚ ਜਾਣੇ-ਪਛਾਣੇ ਨਾਂ ਹਨ। ਇਸ ਬਾਰੇ ਜਦੋਂ ਉਧਾਸ ਦੇ ਮਾਤਾ-ਪਿਤਾ ਨੂੰ ਪਤਾ ਲੱਗਾ ਕਿ ਪੰਕਜ ਵੀ ਆਪਣੇ ਭਰਾਵਾਂ ਦੀ ਤਰ੍ਹਾਂ ਮਿਊਜ਼ਿਕ ਫੀਲਡ ਵਿਚ ਕੁਝ ਬੇਹਤਰ ਕਰ ਸਕਦੇ ਹਨ ਜਿਸ ਦੇ ਬਾਅਦ ਉਨ੍ਹਾਂ ਦਾ ਐਡਮਿਸ਼ਨ ਰਾਜਕੋਟ ਵਿਚ ਸੰਗੀਤ ਅਕੈਡਮੀ ਵਿਚ ਕਰਾ ਦਿੱਤਾ। ਉਥੇ ਕੋਰਸ ਪੂਰਾ ਕਰਨ ਦੇ ਬਾਅਦ ਪੰਕਜ ਕਈ ਵੱਡੇ ਸਟੇਜ ਸ਼ੋਅ ‘ਤੇ ਪਰਫਾਰਮੈਂਸ ਕਰਦੇ ਸਨ। ਉਨ੍ਹਾਂ ਨੇ 4 ਸਾਲ ਦਾ ਲੰਬਾ ਸੰਘਰਸ਼ ਕੀਤਾ। ਇਸ ਦੌਰਾਨ ਉਨ੍ਹਾਂ ਨੂੰ ਕੋਈ ਵੱਡਾ ਕੰਮ ਨਹੀਂ ਮਿਲਿਆ। ਉਨ੍ਹਾਂ ਨੇ ਫਿਲਮ ‘ਕਾਮਨਾ’ ਵਿਚ ਆਪਣੇ ਇਕ ਗਾਣੇ ਨੂੰ ਆਵਾਜ਼ ਦਿੱਤੀ ਪਰ ਉਹ ਫਲਾਪ ਹੋ ਗਈ। ਇਸ ਦੇ ਬਾਅਦ ਪੰਕਜ ਵਿਦੇਸ਼ ਚਲੇ ਗਏ।
ਵਿਦੇਸ਼ ਵਿਚ ਪੰਕਜ ਨੂੰ ਗਾਣੇ ਦੀ ਕਲਾ ਨਾਲ ਬਹੁਤ ਪਾਪੂਲੈਰਿਟੀ ਮਿਲੀ। ਇਸ ਦੌਰਾਨ ਐਕਟਰ ਤੇ ਪ੍ਰੋਡਿਊਸ ਰਾਜੇਂਦਰ ਕੁਮਾਰ ਨੇ ਉਨ੍ਹਾਂ ਦੇ ਗਾਣਿਆਂ ਨੂੰ ਸੁਣਿਆ ਤੇ ਇਕ ਫਿਲਮ ਲਈ ਗੀਤ ਗਾਣ ਲਈ ਕਿਹਾ। ਫਿਰ ਉਨ੍ਹਾਂ ਨੇ ਫਿਲਮ ‘ਨਾਮ’ ਵਿਚ ਗਜ਼ਲ ‘ਚਿੱਠੀ ਆਈ ਹੈ’ ਨੂੰ ਆਪਣੀ ਆਵਾਜ਼ ਦਿੱਤੀ।