‘Aaja Mexico Chaliye’ first song : 12 ਫਰਵਰੀ ਨੂੰ ਹੀ ਐਮੀ ਵਿਰਕ ਦੀ ਪੰਜਾਬੀ ਫ਼ਿਲਮ ‘ਆਜਾ ਮੈਕਸੀਕੋ ਚੱਲੀਏ’ ਦਾ ਟਰੇਲਰ ਲਾਂਚ ਹੋਇਆ ਸੀ ਜਿਸਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਤੇ ਅੱਜ ਇਸੇ ਫ਼ਿਲਮ ਦਾ ਪਹਿਲਾ ਗੀਤ ‘ਸਫ਼ਰਾਂ ‘ਤੇ’ ਰਿਲੀਜ਼ ਹੋਇਆ ਹੈ ਜੋ ਕਿ ਬੀਰ ਸਿੰਘ ਵੱਲੋਂ ਲਿਖਿਆ ਤੇ ਗਾਇਆ ਗਿਆ ਹੈ। ਇਹ ਗੀਤ ਉਹਨਾਂ ਲੋਕਾਂ ਨੂੰ ਭਾਵੁਕ ਕਰ ਦੇਵੇਗਾ ਜੋ ਰੋਜ਼ੀ ਰੋਟੀ ਕਮਾਉਣ ਤੇ ਇੱਕ ਬਿਹਤਰੀਨ ਜ਼ਿੰਦਗੀ ਲਈ ਆਪਣਾ ਘਰ-ਬਾਰ ਛੱਡ ਕੇ ਵਿਦੇਸ਼ਾਂ ਵਿੱਚ ਹੱਡ-ਤੋੜਵੀੰ ਮਿਹਨਤ ਕਰਨ ਲਈ ਨਿਕਲੇ ਹੋਏ ਹਨ ਤੇ ਆਪਣੇ ਪਰਿਵਾਰਾਂ ਤੋਂ ਕੋਹਾਂ ਦੂਰ ਹਨ। ਇਸ ਗੀਤ ਦਾ ਮਿਊਜ਼ਿਕ ਮੰਨਾ ਸਿੰਘ ਨੇ ਕੀਤਾ ਹੈ, ਇਸਨੂੰ ਕੋ-ਪ੍ਰੋਗ੍ਰੈਮਡ ਰਿਸ਼ਭ ਸ਼ਰਮਾ ਤੇ ਮਿਕਸ ਮਾਸਟਰਡ ਸੰਨੀ ਸੈਵਨ ਨੇ ਕੀਤਾ ਹੈ।
ਬੀਰ ਸਿੰਘ ਦੀ ਰੂਹਾਨੀ ਆਵਾਜ਼ ਤੇ ਬੋਲ ਤੁਹਾਨੂੰ ਅੰਦਰ ਤੱਕ ਝੰਜੋੜ ਕੇ ਰੱਖ ਦੇਣਗੇ ਕਿਉਂਕਿ ਇਹ ਗੀਤ ਹਰ ਉਸ ਸ਼ਖਸ ਦੀ ਜ਼ਿੰਦਗੀ ਨਾਲ ਜੁੜਿਆ ਹੈ ਜੋ ਪ੍ਰਵਾਸੀ ਹੋ ਗਏ ਹਨ ਤੇ ਆਪਣੇ ਪਰਿਵਾਰਾਂ ਤੋਂ ਦੂਰ ਹਨ। ਬੀਰ ਸਿੰਘ ਨੇ ਹਮੇਸ਼ਾ ਦੀ ਤਰ੍ਹਾਂ ਦਿਲ ਟੁੰਬਵੇਂ ਸ਼ਬਦ ਪਿਰੋ ਕੇ ਅਸਲ ਜ਼ਿੰਦਗੀ ‘ਤੇ ਆਧਾਰਿਤ ਗੀਤ ਲਿਖ ਕੇ ਉਸਨੂੰ ਆਪਣੀ ਆਵਾਜ਼ ਵਿੱਚ ਗਾਇਆ ਹੈ ਜੋ ਫ਼ਿਲਮ ਦਾ ਅਹਿਮ ਹਿੱਸਾ ਹੈ। ਰਾਕੇਸ਼ ਧਵਨ ਦੁਆਰਾ ਲਿਖੀ ਤੇ ਨਿਰਦੇਸ਼ਿਤ ਕੀਤੀ ‘ਆਜਾ ਮੈਕਸੀਕੋ ਚੱਲੀਏ’ ਫ਼ਿਲਮ 25 ਫਰਵਰੀ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ
ਜਿਸ ਵਿੱਚ ਮੁੱਖ ਕਿਰਦਾਰ ਵਿੱਚ ਪੰਜਾਬੀ ਗਾਇਕ ਤੇ ਅਦਾਕਾਰ ਐਮੀ ਵਿਰਕ ਹਨ ਤੇ ਉਹਨਾਂ ਦੇ ਨਾਲ ਅਦਾਕਾਰ ਨਾਸਿਰ ਚਿਣਯੋਤੀ, ਜ਼ਾਫ਼ਰੀ ਖਾਨ, ਸੁਖਵਿੰਦਰ ਚਾਹਲ, ਹਨੀ ਮੱਟੂ, ਬਲਜਿੰਦਰ ਕੌਰ, ਮਿੰਟੂ ਕੱਪਾ, ਇਰਾਨੀ ਕੁੜੀ-ਯਸਾਮਨ ਮੋਹਸਾਨੀ, ਸਿਕੰਦਰ ਘੁੰਮਣ, ਸ਼ਹਿਬਾਜ਼ ਘੁੰਮਣ ਅਤੇ ਹੋਰ ਵੀ ਫ਼ਿਲਮ ਵਿੱਚ ਨਜ਼ਰ ਆ ਰਹੇ ਹਨ। ਫ਼ਿਲਮ ਉਹਨਾਂ ਪੰਜਾਬੀਆਂ ਦੀ ਜ਼ਿੰਦਗੀ ‘ਤੇ ਆਧਾਰਿਤ ਹੈ ਜੋ ਕਿਸੇ ਨਾ ਕਿਸੇ ਤਰੀਕੇ ਨਾਲ ਵਿਦੇਸ਼ਾਂ ਵਿੱਚ ਜਾ ਕੇ ਰੋਜ਼ੀ ਰੋਟੀ ਕਮਾਉਣਾ ਚਾਹੁੰਦੇ ਹਨ ਚਾਹੇ ਫਿਰ ਉਹ ਰਸਤਾ ਸਹੀ ਹੋਵੇ ਜਾਂ ਫਿਰ ਗਲਤ। ਇਸ ਰੋਜ਼ੀ ਰੋਟੀ ਕਮਾਉਣ ਦੇ ਚੱਕਰ ਵਿੱਚ ਪੰਜਾਬ ਦੇ ਕਿੰਨੇ ਹੀ ਨੌਜਵਾਨ ਮੈਕਸੀਕੋ ਦੇ ਜੰਗਲਾਂ ਵਿੱਚ ਫੱਸ ਗਏ ਤੇ ਕਿੰਨਿਆਂ ਨੇ ਹੀ ਆਪਣੀ ਜ਼ਿੰਦਗੀ ਗਵਾ ਲਈ, ਕੁੱਝ ਆਪਣੇ ਘਰਾਂ ਨੂੰ ਵਾਪਿਸ ਮੁੜ ਸਕੇ ਤੇ ਕੁੱਝ ਕਦੀੰ ਮੁੜ ਕੇ ਵਾਪਿਸ ਨਹੀਂ ਆਏ।