Deep sidhu last film “Saade Aale” : ਪੰਜਾਬੀ ਫਿਲਮ ਇੰਡਸਟਰੀ ‘ਚ ਆਪਣੀ ਅਦਾਕਾਰੀ ਅਤੇ ਕਿਸਾਨੀ ਅੰਦੋਲਨ ਦਾ ਚਿਹਰਾ ਬਣ ਕੇ ਉੱਭਰੇ ਦੀਪ ਸਿੱਧੂ ਭਾਵੇਂ ਇੱਕ ਸੜਕ ਹਾਦਸੇ ਕਾਰਨ ਸਾਡੇ ਤੋਂ ਸਦਾ ਲਈ ਦੂਰ ਹੋ ਗਏ ਨੇ, ਪਰ ਉਹਨਾਂ ਦੀ ਯਾਦ ਹਰ ਪੰਜਾਬੀ ਦੇ ਦਿਲ ‘ਚ ਅੱਜ ਵੀ ਜ਼ਿੰਦਾ ਹੈ। ਅੱਜ ਦੀਪ ਸਿੱਧੂ 37ਵਾਂ ਜਨਮਦਿਨ ਹੈ, ਅਤੇ ਅੱਜ ਇਸ ਯੋਧੇ ਦੀ ਆਖਰੀ ਨਿਸ਼ਾਨੀ ਵਜੌਂ ਸਾਗਾ ਸਟੂਡਿਓ ਵੱਲੋਂ ਉਸਦੀ ਆਖਰੀ ਫਿਲਮ ‘ਸਾਡੇ ਆਲੇ’ ਦਾ ਪੋਸਟਰ ਲਾਂਚ ਕੀਤਾ ਗਿਆ। ਦੱਸ ਦੇਈਏ ਕੀ ਸਾਗਾ ਸਟੂਡਿਓ ਜਿਸ ਦਾ ਨਾਮ ਪਹਿਲੇ ਸਾਗਾ ਮਿਊਜ਼ਿਕ ਸੀ, ਇਹ ਇਕ ਬਹੁਤ ਵੱਡੀ ਪ੍ਰੋਡਕਸ਼ਨ ਕੰਪਨੀ ਦੇ ਤੌਰ ਤੇ ਸਿਨੇਮਾ ਜਗਤ ਵਿੱਚ ਅਪਣਾ ਨਾਮ ਕਰ ਚੁੱਕੀ ਹੈ। ਪੰਜਾਬੀ ਫ਼ਿਲਮ ਜਗਤ ਵਿੱਚ ਵੀ ਇਨ੍ਹਾਂ ਦਾ ਯੋਗਦਾਨ ਸ਼ਲਾਘਾਯੋਗ ਹੈ। ‘ਰੰਗ ਪੰਜਾਬ’ , ‘ਸੰਨ ਓਫ ਮਨਜੀਤ ਸਿੰਘ’, ‘ਅਰਦਾਸ ਕਰਾਂ’, ‘ਨਿਧੀ ਸਿੰਘ’, ‘ਬਲੈਕ ਪ੍ਰਿੰਸ’, ‘ਸੂਬੇਦਾਰ ਜੋਗਿੰਦਰ ਸਿੰਘ’ ਇਨ੍ਹਾਂ ਦੇ ਬੈਨਰ ਹੇਠ ਪ੍ਰਮੁੱਖ ਫ਼ਿਲਮਾਂ ਹਨ। ਹੁਣ ਸਾਗਾ ਮਿਊਜ਼ਿਕ ਇਕ ਵਾਰ ਫਿਰ ਤੋਂ ਇੱਕ ਸ਼ਾਨਦਾਰ ਕਹਾਣੀ ਲੈ ਕੇ ਆ ਰਿਹਾ ਹੈ ਜੋ ਕਿ ਇੱਕ ਬਹੁਤ ਹੀ ਮਹੱਤਵਪੂਰਨ ਮੁੱਦੇ ਤੇ ਹੈ।
ਦਸ ਦੇਈਏ ਕਿ ਜੋ਼ਰਾ ਦੀ ਸ਼ਾਨਦਾਰ ਸਫਲਤਾ ਤੋਂ ਬਾਅਦ ਸਾਗਾ ਸਟੂਡਿਓ ਇਕ ਵਾਰ ਫਿਰ ਤੋਂ ਬਠਿੰਡਾ ਵਾਲੇ ਬਾਈ ਫ਼ਿਲਮਜ਼ ਦੇ ਨਾਲ਼ ਨਵੀਂ ਪੇਸ਼ਕਸ਼ ਸਾਡੇ ਆਲੇ ਨਾਲ ਦਿਲ ਜਿੱਤਣ ਨੂੰ ਬੇਤਾਬ ਹਨ। ਇਹ ਫਿਲਮ 29 ਅਪ੍ਰੈਲ, 2022 ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਵੇਗੀ। ਜਤਿੰਦਰ ਮੌਹਰ ਵੱਲੋਂ ਡਾਇਰੈਕਟ ਕੀਤੀ ਇਹ ਮਲਟੀ ਸਟਾਰਰ ਫਿਲਮ ਵਿੱਚ ਮਰਹੂਮ ਅਦਾਕਾਰ ਅਤੇ ਸਮਾਜ ਸੇਵਕ ਦੀਪ ਸਿੱਧੂ , ਗੁੱਗੂ ਗਿੱਲ, ਮਹਾਂਵੀਰ ਭੁੱਲਰ, ਸੁਖਦੀਪ ਸੁੱਖ , ਅਮ੍ਰਿਤ ਔਲਖ ਅਤੇ ਹੋਰ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ। ‘ਸਾਡੇ ਆਲੇ’ ਦਾ ਪੋਸਟਰ ਬਹੁਤ ਹੀ ਸ਼ਾਨਦਾਰ ਹੈ। ਇਹ ਫ਼ਿਲਮ ਦੀਪ ਸਿੱਧੂ ਦੇ ਦਿਲ ਦੇ ਬਹੁਤ ਹੀ ਕਰੀਬ ਸੀ। ਫਿਲਮ ਦੀ ਕਹਾਣੀ ਦੋ ਅਥਲੀਟ ਭਰਾਵਾਂ ਦੇ ਇਰਦ-ਗਿਰਦ ਘੁੰਮਦੀ ਹੈ।
ਫਿਲਮ ਦਾ ਮਿਊਜ਼ਿਕ ਸਾਗਾ ਮਿਊਜ਼ਿਕ ਦੇ ਬੈਨਰ ਹੇਠ ਰਿਲੀਜ਼ ਕੀਤਾ ਜਾਏਗਾ। ਸਾਗਾ ਮਿਊਜ਼ਿਕ ਫਿਲਮ ਜਗਤ ਵਿਚ ਬਹੁਤ ਨਾਮ ਬਣਾ ਚੁੱਕੀ ਹੈ ਤੇ ਹਮੇਸ਼ਾ ਕੁਝ ਅਲਗ ਕਹਾਣੀ ਦਰਸ਼ਕਾਂ ਦੇ ਵਿਚ ਪਰਦੇ ਉੱਪਰ ਲੈ ਕੇ ਆਉਂਦੀ ਹੈ। ਸਾਗਾ ਨੇ ਦਰਸ਼ਕਾਂ ਦੇ ਇਸ ਭਰਮ ਨੂੰ ਖਤਮ ਕੀਤਾ ਹੈ ਕਿ ਪੰਜਾਬੀ ਫ਼ਿਲਮ ਇੰਡਸਟਰੀ ਵਿਚ ਸਿਰਫ ਕਾਮੇਡੀ ਫ਼ਿਲਮਾਂ ਬਣ ਸਕਦੀਆਂ ਹਨ। ਸਾਗਾ ਸਟੂਡੀਓ ਦੇ ਮਾਲਕ ਅਤੇ ਫ਼ਿਲਮ ਦੇ ਪ੍ਰੋਡਿਊਸਰ ਸੁਮਿਤ ਸਿੰਘ ਨੇ ਦੱਸਿਆ ਕਿ ਇਹ ਫਿਲਮ ਸਾਡੇ ਸਮਾਜ ਦੀ ਘਟੀਆ ਸੋਚ ਨੂੰ ਦਰਸਾਉਂਦੀ ਹੈ।
ਇਸ ਦੇ ਨਾਲ ਹੀ ਇਹ ਇੱਕ ਪਰਿਵਾਰਕ ਕਹਾਣੀ ਹੈ ਤੇ ਹਰ ਉਮਰ ਦੇ ਲੋਕ ਸਿਨੇਮਾਂ ਘਰ ਵਿੱਚ ਜਾ ਕੇ ਇਸ ਨੂੰ ਦੇਖਣਾ ਪਸੰਦ ਕਰਨਗੇ। ਸੁਮਿਤ ਸਿੰਘ ਨੇ ਇਸ ਤੋਂ ਇਲਾਵਾ ਦੱਸਿਆ ਕਿ ਉਹ ਇਸ ਗੱਲ ਨੂੰ ਮੰਨਦੇ ਹਨ ਕਿ ਖੂਨ ਪਾਣੀ ਤੋਂ ਗਾੜ੍ਹਾ ਹੁੰਦਾ ਹੈ ਤੇ ਸਾਨੂੰ ਦੁਨਿਆਵੀ ਆਕਰਸ਼ਣਾ ਉੱਪਰ ਉੱਠ ਕੇ ਸੋਚਣਾ ਚਾਹੀਦਾ ਹੈ। ਇਹ ਇੱਕ ਅੱਖਾਂ ਖੋਲ੍ਹਣ ਵਾਲਾ ਪ੍ਰੋਜੈਕਟ ਹੈ। ਉਨ੍ਹਾਂ ਨੇ ਕਿਹਾ ਕਿ ਦੀਪ ਸਿੱਧੂ ਹਮੇਸ਼ਾ ਸਾਡੇ ਦਿਲ ਦੇ ਅੰਦਰ ਰਹਿਣਗੇ ਤੇ ਹਮੇਸ਼ਾ ਉਹਨਾਂ ਦੀ ਕਮੀ ਸਾਨੂੰ ਮਹਿਸੂਸ ਹੁੰਦੀ ਰਹੇਗੀ।