Ray Stevenson Passes Away: ਐੱਸ.ਐੱਸ. ਰਾਜਾਮੌਲੀ ਦੀ ਬਲਾਕਬਸਟਰ ਫਿਲਮ ‘RRR’ ‘ਚ ਖਲਨਾਇਕ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਰੇਅ ਸਟੀਵਨਸਨ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ 58 ਸਾਲ ਦੀ ਉਮਰ ‘ਚ ਆਖਰੀ ਸਾਹ ਲਿਆ। ਅਦਾਕਾਰ ਦੇ ਪ੍ਰਚਾਰਕ ਨੇ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕਰ ਦਿੱਤੀ ਹੈ, ਹਾਲਾਂਕਿ ਉਨ੍ਹਾਂ ਦੀ ਮੌਤ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।
ਦੱਸ ਦੇਈਏ ਕਿ ਸਟੀਵਨਸਨ ਨੇ ਐਸਐਸ ਰਾਜਾਮੌਲੀ ਦੀ ਮੈਗਾ ਬਲਾਕ ਬਸਟਰ ਫਿਲਮ ‘ਆਰਆਰਆਰ’ ਵਿੱਚ ਗਵਰਨਰ ਸਕਾਟ ਬਕਸਟਨ ਦੀ ਨੈਗੇਟਿਵ ਭੂਮਿਕਾ ਨਿਭਾ ਕੇ ਭਾਰਤੀ ਦਰਸ਼ਕਾਂ ਵਿੱਚ ਕਾਫੀ ਪ੍ਰਸਿੱਧੀ ਹਾਸਲ ਕੀਤੀ ਸੀ। ਰਾਮ ਚਰਨ ਅਤੇ ਜੂਨੀਅਰ ਐਨਟੀਆਰ ਸਟਾਰਰ, ਇਹ ਫਿਲਮ ਸਟੀਵਨਸਨ ਦੇ ਕਰੀਅਰ ਦੀ ਇਕਲੌਤੀ ਭਾਰਤੀ ਫਿਲਮ ਹੈ। ਐੱਸ.ਐੱਸ. ਰਾਜਾਮੌਲੀ ਨੇ ਟਵੀਟ ਕਰਕੇ ਰੇ ਸਟੀਵਨਸਨ ਦੀ ਮੌਤ ‘ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਆਪਣੇ ਟਵਿੱਟਰ ਹੈਂਡਲ ‘ਤੇ ‘RRR’ ਦੇ ਸੈੱਟ ਤੋਂ ਰੇ ਸਟੀਵਨਸਨ ਨਾਲ ਆਪਣੀ ਇਕ ਤਸਵੀਰ ਸਾਂਝੀ ਕੀਤੀ ਹੈ। ਫੋਟੋ ਵਿੱਚ, ਰਾਜਾਮੌਲੀ ਅਤੇ ਰੇ ਸ਼ਾਟਸ ਦੇ ਵਿਚਕਾਰ ਸੈੱਟ ‘ਤੇ ਇੱਕ ਮਜ਼ੇਦਾਰ ਗੱਲਬਾਤ ਕਰਦੇ ਦਿਖਾਈ ਦੇ ਰਹੇ ਹਨ। ਇਸ ਦੇ ਨਾਲ ਹੀ ਫਿਲਮਮੇਕਰ ਨੇ ਇੱਕ ਦਿਲ ਨੂੰ ਛੂਹ ਲੈਣ ਵਾਲੀ ਪੋਸਟ ਵੀ ਸ਼ੇਅਰ ਕੀਤੀ ਹੈ।
25 ਮਈ 1964 ਨੂੰ ਲਿਸਬਰਨ ਵਿੱਚ ਜਨਮੇ, ਸਟੀਵਨਸਨ 8 ਸਾਲ ਦੀ ਉਮਰ ਵਿੱਚ ਇੰਗਲੈਂਡ ਚਲੇ ਗਏ ਅਤੇ ਬ੍ਰਿਸਟਲ ਓਲਡ ਵਿਕ ਥੀਏਟਰ ਸਕੂਲ ਵਿੱਚ ਦਾਖਲਾ ਲਿਆ। ਉਨ੍ਹਾਂ ਨੇ 29 ਸਾਲ ਦੀ ਉਮਰ ਵਿੱਚ ਗ੍ਰੈਜੂਏਸ਼ਨ ਕੀਤੀ ਅਤੇ 90 ਦੇ ਦਹਾਕੇ ਦੇ ਸ਼ੁਰੂ ਤੋਂ ਫਿਲਮਾਂ ਅਤੇ ਟੀਵੀ ਸ਼ੋਆਂ ਵਿੱਚ ਇੱਕ ਨਿਯਮਤ ਅਭਿਨੇਤਾ ਬਣ ਗਏ। ਉਨ੍ਹਾਂ ਨੂੰ 1998 ‘ਚ ਆਈ ਫਿਲਮ ‘ਦਿ ਥਿਊਰੀ ਆਫ ਫਲਾਈਟ’ ਤੋਂ ਸਫਲਤਾ ਮਿਲੀ।