Sukhsindar Shinda’s new song : ਗਾਇਕ ਸੁਖਸ਼ਿੰਦਰ ਸ਼ਿੰਦਾ ਦਾ ਨਵਾਂ ਗੀਤ ‘ਕਿਸਾਨਾਂ ਦਿੱਲੀ ਜਾਮ ਕਰਤੀ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਸੇਵਕ ਬਰਾੜ ਨੇ ਲਿਖੇ ਨੇ ਜਦੋਂਕਿ ਗੀਤ ਨੂੰ ਮਿਊਜ਼ਿਕ ਦਿੱਤਾ ਹੈ ਖੁਦ ਸੁਖਸ਼ਿੰਦਰ ਸ਼ਿੰਦਾ ਨੇ । ਗੀਤ ‘ਚ ਕਿਸਾਨਾਂ ਦੇ ਅੰਦੋਲਨ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਸਰਕਾਰ ਨੇ ਭਾਵੇਂ ਇਸ ਅੰਦੋਲਨ ਨੂੰ ਖਤਮ ਕਰਨ ਲਈ ਕਈ ਹੀਲੇ ਕੀਤੇ ਹਨ, ਪਰ ਇਹ ਕਿਸਾਨ ਹੁਣ ਆਪਣੀ ਗੱਲ ਮੰਨਵਾਏ ਬਗੈਰ ਘਰਾਂ ਨੂੰ ਪਰਤਣ ਵਾਲੇ ਨਹੀਂ ਅਤੇ ਹੁਕਮਰਾਨਾਂ ਦੇ ਗਲੇ ਦੀ ਹੱਡੀ ਬਣ ਚੁੱਕੇ ਹਨ ।
ਇਸ ਤੋਂ ਪਹਿਲਾਂ ਵੀ ਸੁਖਸ਼ਿੰਦਰ ਸ਼ਿੰਦਾ ਨੇ ਕਿਸਾਨਾਂ ਨੂੰ ਸਮਰਪਿਤ ਕਈ ਗੀਤ ਕੱਢੇ ਹਨ । ਦੱਸ ਦਈਏ ਕਿ ਪੰਜਾਬੀ ਇੰਡਸਟਰੀ ਵੱਲੋਂ ਲਗਾਤਾਰ ਕਿਸਾਨਾਂ ਦਾ ਸਮਰਥਨ ਕੀਤਾ ਜਾ ਰਿਹਾ ਹੈ । ਕਈ ਗਾਇਕ ਤਾਂ ਕਿਸਾਨਾਂ ਦੇ ਇਸ ਸੰਘਰਸ਼ ‘ਚ ਉਨ੍ਹਾਂ ਦੇ ਨਾਲ ਮੌਜੂਦ ਹਨ ਅਤੇ ਕਈ ਗਾਇਕ ਅਤੇ ਅਦਾਕਾਰ ਗੀਤਾਂ ਦੇ ਜ਼ਰੀਏ ਆਪਣਾ ਸਮਰਥਨ ਲਗਾਤਾਰ ਕਿਸਾਨਾਂ ਨੂੰ ਦੇ ਰਹੇ ਹਨ ।
ਕਿਸਾਨ ਦੇ ਅੰਦੋਲਨ ਨੂੰ ਲੈ ਕੇ ਪੰਜਾਬੀ ਇੰਡਸਟਰੀ ਦੇ ਸਿਤਾਰੇ ਲਗਾਤਾਰ ਸੋਸ਼ਲ ਮੀਡੀਆ ਤੇ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰ ਰਹੇ ਹਨ । ਕੁਝ ਕਲਾਕਾਰ ਗੀਤ ਗਾ ਕੇ ਜਾਂ ਕਵਿਤਾਵਾਂ ਸ਼ੇਅਰ ਕਰਕੇ ਲੋਕਾਂ ਨੂੰ ਇਸ ਅੰਦੋਲਨ ਨਾਲ ਜੁੜਨ ਦੀ ਅਪੀਲ ਕਰ ਰਹੇ ਹਨ । ਇਸ ਸਭ ਦੇ ਚਲਦੇ ਗਾਇਕ ਸੁਖਸ਼ਿੰਦਰ ਸ਼ਿੰਦਾ ਨੇ ਵੀ ਹਾਲ ਹੀ ‘ਚ ਆਪਣੇ ਟਵਿੱਟਰ ਅਕਾਊਂਟ ‘ਤੇ ਇੱਕ ਟਵੀਟ ਕੀਤਾ ਹੈ, ਜੋ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਿਹਾ ਹੈ।
ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ ਹੈ ਕਿ ‘ਇਹ ਸਿਲਸਿਲਾ ਕੀ ਇੰਝ ਹੀ ਚੱਲਦਾ ਰਹੇਗਾ, ਸਿਆਸਤ ਆਪਣੀਆਂ ਚਾਲਾਂ ਨਾਲ ਕਦੋਂ ਤੱਕ ਕਿਸਾਨ ਨੂੰ ਧੋਖਾ ਦਿੰਦੀ ਰਹੇਗੀ। ਨਾ ਮਾਰੋ ਮੈਨੂੰ ਗੋਲ਼ੀਆਂ ਨਾਲ, ਮੈਂ ਪਹਿਲਾਂ ਤੋਂ ਹੀ ਇੱਕ ਦੁਖੀ ਕਿਸਾਨ ਹਾਂ। ਮੇਰੀ ਮੌਤ ਦੀ ਵਜ੍ਹਾ ਇਹੀ ਹੈ ਕਿ ਮੈਂ ਪੇਸ਼ੇ ਤੋਂ ਇੱਕ ਕਿਸਾਨ ਹਾਂ। ਜਿਸ ਦੀਆਂ ਅੱਖਾਂ ਅੱਗੇ ਕਿਸਾਨ ਰੁੱਖ਼ ‘ਤੇ ਲਟਕ ਗਿਆ, ਵੇਖ ਸ਼ੀਸ਼ਾ ਤੂੰ ਵੀ ਬੰਦੇ, ਕੱਲ੍ਹ ਜੋ ਕੀਤਾ ਉਹ ਭੁੱਲ ਗਿਆ।’ ਤੁਹਾਨੂੰ ਦੱਸ ਦਿੰਦੇ ਹਾਂ ਕਿ ਸੁਖਸ਼ਿੰਦਰ ਸ਼ਿੰਦਾ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੇ ਹਨ ।