ਹੁਸ਼ਿਆਰਪੁਰ ਦੇ ਹਲਕਾ ਮੁਕੇਰੀਆਂ ਵਿੱਚ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਗੰਨਾ ਮਿੱਲ ਅਤੇ ਜਲੰਧਰ ਨੈਸ਼ਨਲ ਹਾਈਵੇਅ ਤੋਂ ਜਾਮ ਕੀਤਾ ਹੋਇਆ ਹੈ, ਜਿਸ ਕਾਰਨ ਨੈਸ਼ਨਲ ਹਾਈਵੇ ’ਤੇ ਕਈ ਕਿਲੋਮੀਟਰ ਤੱਕ ਗੱਡੀਆਂ ਦੀਆਂ ਲੰਮੀਆਂ ਲਾਈਨਾਂ ਲੱਗ ਗਈਆਂ ਹਨ। ਜਾਮ ਨੂੰ ਹਟਾਉਣ ਲਈ ਹਲਕਾ ਪੁਲਿਸ ਵੱਲੋਂ ਕਈ ਥਾਵਾਂ ਤੋਂ ਰਸਤਾ ਮੋੜਿਆ ਜਾ ਰਿਹਾ ਹੈ।
ਜ਼ਿਲ੍ਹੇ ਅਤੇ ਹੋਰਨਾਂ ਜ਼ਿਲ੍ਹਿਆਂ ਵਿੱਚ ਇਕੱਠੇ ਹੋਏ ਕਿਸਾਨ ਹੁਣ ਇਸ ਗੱਲ ’ਤੇ ਅੜੇ ਹੋਏ ਹਨ ਕਿ ਜਦੋਂ ਤੱਕ ਸਰਕਾਰ ਮਿੱਲਾਂ ਚਾਲੂ ਨਹੀਂ ਕਰਦੀ ਅਤੇ ਉਨ੍ਹਾਂ ਦੀਆਂ ਮੰਗਾਂ ਅਨੁਸਾਰ ਗੰਨੇ ਦਾ ਰੇਟ ਨਹੀਂ ਦਿੰਦੀ, ਉਦੋਂ ਤੱਕ ਸਾਡਾ ਧਰਨਾ ਜਾਰੀ ਰਹੇਗਾ।
ਜਾਣਕਾਰੀ ਦਿੰਦਿਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਸ਼ਿਆਮ ਸਿੰਘ ਨੇ ਦੱਸਿਆ ਕਿ ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤੇ ਵਾਅਦੇ ਅਨੁਸਾਰ ਮੰਗ ਅਨੁਸਾਰ ਗੰਨੇ ਦਾ ਰੇਟ ਨਹੀਂ ਵਧਾਇਆ ਗਿਆ। ਸਗੋਂ 11 ਰੁਪਏ ਦਾ ਸ਼ਗਨ ਦਾ ਕੋਝਾ ਮਜ਼ਾਕ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜਦੋਂ ਤੱਕ ਸਾਡੇ ਵੱਲੋਂ ਸਰਕਾਰ ਅੱਗੇ ਰੱਖਿਆ ਗਿਆ ਵਾਧਾ ਮੁੱਲ ਨਹੀਂ ਵਧਾਇਆ ਜਾਂਦਾ ਅਤੇ ਮਿੱਲ ਨਹੀਂ ਚਲਾਈ ਜਾਂਦੀ, ਉਦੋਂ ਤੱਕ ਧਰਨਾ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਸਰਕਾਰ ਦੋਵਾਂ ਮੰਗਾਂ ਦਾ ਨੋਟੀਫਿਕੇਸ਼ਨ ਜਲਦੀ ਤੋਂ ਜਲਦੀ ਜਾਰੀ ਕਰੇ।
ਇਸ ਤੋਂ ਇਲਾਵਾ ਪੰਜਾਬ ਦੇ ਹੋਰਨਾਂ ਜ਼ਿਲ੍ਹਿਆਂ ਤੋਂ ਵੀ ਕਿਸਾਨਾਂ ਦੀ ਆਮਦ ਲਗਾਤਾਰ ਜਾਰੀ ਹੈ। ਕਿਸਾਨਾਂ ਵੱਲੋਂ ਰੇਲਵੇ ਟਰੈਕ ’ਤੇ ਧਰਨਾ ਦੇਣ ਦਾ ਫੈਸਲਾ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : BSF ਦਾ ਦਾਇਰਾ ਵਧਾਉਣ ‘ਤੇ ਸੁਪਰੀਮ ਕੋਰਟ ਦੀ ਦੋ-ਟੁਕ, ‘ਪੰਜਾਬ ਪੁਲਿਸ ਦੀ ਸ਼ਕਤੀ ਨਹੀਂ ਖੋਹੀ ਗਈ’
ਧਰਨਾ ਸਮਾਪਤ ਕਰਨ ਲਈ ਜ਼ਿਲ੍ਹਾ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਅਤੇ ਜ਼ਿਲ੍ਹਾ ਪੁਲਿਸ ਕਪਤਾਨ ਵੀ ਮੌਕੇ ‘ਤੇ ਪਹੁੰਚ ਕੇ ਕਿਸਾਨਾਂ ਨਾਲ ਗੱਲਬਾਤ ਕਰ ਰਹੇ ਹਨ ਪਰ ਕਿਸਾਨ ਅਜੇ ਵੀ ਆਪਣੀਆਂ ਮੰਗਾਂ ‘ਤੇ ਅੜੇ ਹੋਏ ਹਨ। ਉਨ੍ਹਾੰ ਦਾ ਕਹਿਣਾ ਹੈ ਕਿ ਜਦੋਂ ਤੱਕ ਮਿੱਲਾਂ ਨਹੀਂ ਚੱਲਦੀਆਂ ਤੇ ਸਰਕਾਰ ਰੇਟਾਂ ‘ਚ ਵਾਧੇ ਸਬੰਧੀ ਨੋਟੀਫਿਕੇਸ਼ਨ ਜਾਰੀ ਨਹੀਂ ਕਰਦੀ ਉਦੋਂ ਤੱਕ ਧਰਨਾ ਜਾਰੀ ਰਹੇਗਾ।
ਵੀਡੀਓ ਲਈ ਕਲਿੱਕ ਕਰੋ : –