ਫਤਿਹਗੜ੍ਹ ਸਾਹਿਬ ਦੇ ਜ਼ਿਲ੍ਹੇ ਦੇ ਬੱਸੀ ਪਠਾਣਾਂ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਬੁੱਧਵਾਰ ਨੂੰ ਪੁਲਿਸ ਨੇ ਇੱਥੇ ਐਨਕਾਊਂਟਰ ਦੌਰਾਨ ਤਿੰਨ ਗੈਂਗਸਟਰਾਂ ਨੂੰ ਗੋਲੀ ਮਾਰ ਦਿੱਤੀ ਗਈ। ਮਾਰੇ ਗਏ ਗੈਂਗਸਟਰਾਂ ਵਿੱਚੋਂ ਦੋ ਦੀ ਪਛਾਣ ਤੇਜਾ ਮਹਿੰਦਪੁਰੀਆ ਅਤੇ ਮਨਪ੍ਰੀਤ ਪੀਟਾ ਵਜੋਂ ਹੋਈ ਹੈ। ਜਦਕਿ ਤੀਜੇ ਗੈਂਗਸਟਰ ਦੀ ਅਜੇ ਪਛਾਣ ਨਹੀਂ ਹੋ ਸਕੀ ਹੈ, ਪੁਲਿਸ ਨੂੰ ਸ਼ੱਕ ਹੈ ਕਿ ਉਹ ਨਿਸ਼ਾਂਤ ਹੈ।
ਤੇਜਾ ਪੰਜਾਬ ਵਿੱਚ 40 ਤੋਂ ਵੱਧ ਅਪਰਾਧਿਕ ਮਾਮਲਿਆਂ ਵਿੱਚ ਸ਼ਾਮਲ ਸੀ। AGTF ਦੇ ਮੁਖੀ ਪ੍ਰਮੋਦ ਬਾਨ ਅਤੇ ਡੀਐਸਪੀ ਬਿਕਰਮਜੀਤ ਬਰਾੜ ਨੇ ਆਪ੍ਰੇਸ਼ਨ ਦੀ ਅਗਵਾਈ ਕੀਤੀ। ਬਾਨ ਨੇ ਕਿਹਾ ਕਿ ਅਸੀਂ ਗੈਂਗਸਟਰਾਂ ਦਾ ਪਿੱਛਾ ਕਰ ਰਹੇ ਸੀ ਅਤੇ ਉਹ ਹਥਿਆਰਾਂ ਦੀ ਡਿਲਵਰੀ ਵਿੱਚ ਸ਼ਾਮਲ ਸਨ ਅਤੇ ਫਿਲੌਰ ਕਤਲ ਕਾਂਡ ਦਾ ਹਿੱਸਾ ਸਨ।
ਇਹ ਗੈਂਗਸਟਰ 8 ਜਨਵਰੀ ਨੂੰ ਕਾਂਸਟੇਬਲ ਕੁਲਦੀਪ ਸਿੰਘ ਬਾਜਵਾ ਦੇ ਕਤਲ ਕੇਸ ਵਿੱਚ ਸ਼ਾਮਲ ਸਨ। ਬਾਜਵਾ ਉਸ ਪੁਲਿਸ ਟੀਮ ਦਾ ਹਿੱਸਾ ਸੀ ਜੋ ਗੈਂਗਸਟਰਾਂ ਦਾ ਪਿੱਛਾ ਕਰ ਰਹੀ ਸੀ, ਜਿਨ੍ਹਾਂ ਨੇ ਫਿਲੌਰ ਦੇ ਪਿੰਡ ਕੰਗਜਗੀਰ ‘ਚ ਬੰਦੂਕ ਦੀ ਨੋਕ ‘ਤੇ ਕਾਰ ਲੁੱਟ ਲਈ ਸੀ। ਪਿੱਛਾ ਕਰਨ ਦੌਰਾਨ ਗੈਂਗਸਟਰਾਂ ਨੇ ਪੁਲਿਸ ਪਾਰਟੀ ‘ਤੇ ਫਾਇਰਿੰਗ ਕਰ ਦਿੱਤੀ ਅਤੇ ਬਾਜਵਾ ਨੂੰ ਇੱਕ ਗੋਲੀ ਲੱਗੀ ਜਿਸ ਕਾਰਨ ਇਲਾਜ ਦੌਰਾਨ ਉਸਦੀ ਮੌਤ ਹੋ ਗਈ।
ਇੱਕ ਥਾਰ ਜੀਪ ਨੂੰ ਇੱਕ ਦਰਜਨ ਤੋਂ ਵੱਧ ਗੋਲੀਆਂ ਦੇ ਨਿਸ਼ਾਨਾਂ ਨਾਲ ਸੜਕ ਕਿਨਾਰੇ ਛੱਡ ਦਿੱਤਾ ਗਿਆ ਸੀ। ਪੁਲਿਸ ਨੇ ਇਲਾਕੇ ਦੀ ਘੇਰਾਬੰਦੀ ਕਰ ਲਈ ਅਤੇ ਲੋਕਾਂ ਨੂੰ ਘਰਾਂ ਦੇ ਅੰਦਰ ਰਹਿਣ ਲਈ ਐਲਾਨ ਕੀਤਾ ਗਿਆ।
ਮੁਕਾਬਲੇ ਵਿੱਚ ਸਬ-ਇੰਸਪੈਕਟਰ ਗੁਰਪ੍ਰੀਤ ਸਿੰਘ ਅਤੇ ਕਾਂਸਟੇਬਲ ਸੁਖਰਾਜ ਜ਼ਖ਼ਮੀ ਹੋ ਗਏ। ਇਨ੍ਹਾਂ ‘ਚੋਂ ਇਕ ਨੂੰ ਗੋਲੀ ਲੱਗੀ ਹੈ ਅਤੇ ਉਸ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ : ਆਯੁਸ਼ਮਾਨ ਫੰਡ ਰੋਕਣ ‘ਤੇ ਬੋਲੇ ਮੰਤਰੀ ਬਲਬੀਰ ਸਿੰਘ, ‘…BJP ਸਰਕਾਰ ਨੂੰ ਤਕਲੀਫ ਹੋ ਰਹੀ ਏ’
ਤੇਜਾ ‘ਤੇ ਕਤਲ, ਡਕੈਤੀ ਅਤੇ ਕਤਲ ਦੀ ਕੋਸ਼ਿਸ਼ ਸਣੇ 40 ਅਪਰਾਧਿਕ ਮਾਮਲਿਆਂ ‘ਚ ਸੁਣਵਾਈ ਚੱਲ ਰਹੀ ਸੀ। ਉਹ ਬਠਿੰਡਾ ਜੇਲ੍ਹ ਵਿੱਚ ਬੰਦ ਸੀ ਅਤੇ ਬੀਤੀ 16 ਨਵੰਬਰ ਨੂੰ ਜ਼ਮਾਨਤ ’ਤੇ ਰਿਹਾਅ ਹੋ ਗਿਆ ਸੀ। ਜ਼ਮਾਨਤ ‘ਤੇ ਬਾਹਰ ਆਉਣ ਮਗਰੋਂ ਤੇਜਾ ਆਪਣੇ ਗੈਂਗ ਦੇ ਮੈਂਬਰਾਂ ਨਾਲ ਮਿਲ ਗਿਆ ਸੀ। ਉਨ੍ਹਾਂ ਨੇ ਕਥਿਤ ਤੌਰ ‘ਤੇ ਧਾਰਮਿਕ ਅਤੇ ਸਿਆਸੀ ਨੇਤਾਵਾਂ ਅਤੇ ਵਿਰੋਧੀ ਗਿਰੋਹ ਦੇ ਮੈਂਬਰਾਂ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ ਬਣਾਈ ਸੀ। ਨਵਾਂਸ਼ਹਿਰ ਦਾ ਰਹਿਣ ਵਾਲਾ ਤੇਜਾ ਹੋਰ ਅਪਰਾਧੀਆਂ ਨੂੰ ਸਿਖਲਾਈ ਦੇਣ ਅਤੇ ਜੁਰਮ ਦੀ ਦੁਨੀਆ ਵਿੱਚ ਨੌਜਵਾਨਾਂ ਨੂੰ ਭਰਤੀ ਕਰਨ ਵਿੱਚ ਵੀ ਸ਼ਾਮਲ ਸੀ।
ਸੂਤਰਾਂ ਮੁਤਾਬਕ ਗੈਂਗਸਟਰਾਂ ਕੋਲ ਭਾਰੀ ਮਾਤਰਾ ਵਿੱਚ ਹਥਿਆਰ ਅਤੇ ਗੋਲਾ ਬਾਰੂਦ ਸੀ। ਉਹ ਪੰਜਾਬ ਵਿੱਚ ਇੱਕ ਹੋਰ ਅਪਰਾਧ ਕਰਨ ਦੀ ਫਿਰਾਕ ਵਿੱਚ ਸਨ। ਗੈਂਗਸਟਰਾਂ ਵੱਲੋਂ ਅੰਨ੍ਹੇਵਾਹ ਗੋਲੀਬਾਰੀ ਕੀਤੀ ਗਈ ਪਰ ਐਨਕਾਊਂਟਰ ਜਾਰੀ ਰਿਹਾ। ਉਨ੍ਹਾਂ ਨੂੰ ਆਤਮ ਸਮਰਪਣ ਕਰਨ ਲਈ ਕਿਹਾ ਗਿਆ ਤਾਂ ਉਨ੍ਹਾਂ ਨੇ ਪੁਲਿਸ ਅਤੇ ਆਸ-ਪਾਸ ਦੇ ਵਸਨੀਕਾਂ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।
ਵੀਡੀਓ ਲਈ ਕਲਿੱਕ ਕਰੋ -: