ਪੰਜਾਬ ਦੀ ਹਾਈ-ਪ੍ਰੋਫਾਈਲ ਪਟਿਆਲਾ ਸੈਂਟਰਲ ਜੇਲ੍ਹ ਵਿੱਚ ਨਿੱਕੀ ਜਿਹੀ ਗੱਲ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਝੜਪ ਹੋ ਗਈ। ਇਸ ਦੌਰਾਨ ਦੋਵਾਂ ਪਾਸਿਆਂ ਤੋਂ ਇੱਕ ਦੂਜੇ ‘ਤੇ ਲੋਹੇ ਦੇ ਸਰੀਏ, ਪਾਈਪਾਂ ਅਤੇ ਤਿੱਖੇ ਚਮਚਿਆਂ ਨਾਲ ਹਮਲੇ ਕੀਤੇ ਗਏ ਅਤੇ ਇੱਟਾਂ-ਪੱਥਰਾਂ ਵੀ ਵਰ੍ਹਾਏ ਗਏ। ਇਸ ਦੌਰਾਨ ਦੋ ਗੈਂਗਸਟਰ ਬੁਰੀ ਤਰ੍ਹਾਂ ਫੱਟੜ ਹੋ ਗਏ, ਜਿਨ੍ਹਾਂ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
ਇਸ ਮਾਮਲੇ ‘ਚ ਕਾਰਵਾਈ ਕਰਦੇ ਹੋਏ ਜੇਲ ਪ੍ਰਸ਼ਾਸਨ ਦੀ ਸ਼ਿਕਾਇਤ ‘ਤੇ ਥਾਣਾ ਤ੍ਰਿਪੜੀ ਪੁਲਿਸ ਨੇ 10 ਕੈਦੀਆਂ ਅਤੇ ਹਵਾਲਾਤੀਆਂ ਦੇ ਖਿਲਾਫ ਕਤਲ ਦੀ ਕੋਸ਼ਿਸ਼, ਲੜਾਈ, ਕੁੱਟਮਾਰ, ਧਮਕੀਆਂ ਦੇਣ ਦੀਆਂ ਧਾਰਾਵਾਂ ਤਹਿਤ ਪਰਚਾ ਦਰਜ ਕੀਤਾ ਹੈ।
ਮਿਲੀ ਜਾਣਕਾਰੀ ਮੁਤਾਬਕ ਜੇਲ੍ਹ ਵਿੱਚ ਬੰਦ ਹਵਾਲਾਤੀ ਜਰਮਨਜੀਤ ਸਿੰਘ ਵਾਸੀ ਰਾਮਪੁਰਾ ਭੂਤ ਤਰਨਤਾਰਨ ਆਪਣੇ ਇੱਕ ਸਾਥੀ ਨਾਲ ਚੱਕੀ ਵੱਲ ਜਾ ਰਿਹਾ ਸੀ। ਦੂਜੇ ਪਾਸੇ ਕਤਲ ਕੇਸ ਵਿੱਚ ਜੇਲ੍ਹ ਵਿੱਚ ਬੰਦ ਗੈਂਗਸਟਰ ਹਵਾਲਾਤੀ ਜਤਿੰਦਰਪਾਲ ਸਿੰਘ ਵਾਸੀ ਪਿੰਡ ਖਾਂਸੀਆਂ ਜਿਲ੍ਹਾ ਪਟਿਆਲਾ ਖੜ੍ਹਾ ਸੀ। ਪੁਲਿਸ ਮੁਤਾਬਕ ਗੈਂਗਸਟਰ ਜਤਿੰਦਰਪਾਲ ਸਿੰਘ ਨੂੰ ਵੇਖਦੇ ਹੀ ਹਵਾਲਾਤੀ ਜਰਮਨਜੀਤ ਸਿੰਘ ਨੇ ਆਪਣੇ ਸਾਥੀ ਨੂੰ ਕਿਹਾ ਕਿ ਇਹ ਤਾਂ ਚੱਲਿਆ ਹੋਇਆ ਕਾਰਤੂਸ ਹੈ ਜਿਸ ‘ਤੇ ਉਸ ਦਾ ਸਾਥੀ ਹੱਸ ਪਿਆ।
ਇਹ ਸੁਣਦੇ ਹੀ ਗੈਂਗਸਟਰ ਜਤਿੰਦਰਪਾਲ ਨੂੰ ਗੁੱਸਾ ਆ ਗਿਆ ਅਤੇ ਉਸ ਨੇ ਰੌਲਾ ਪਾ ਕੇ ਆਪਣੇ ਧਿਰ ਦੇ ਹਵਾਲਾਤੀ ਪਵਨ ਕੁਮਾਰ ਵਾਸੀ ਭਾਦਸੋਂ (ਪਟਿਆਲਾ) ਨੂੰ ਬੁਲਾ ਲਿਆ। ਪਵਨ ਕੁਮਾਰ ਨੇ ਆਉਂਦਿਆਂ ਹੀ ਹੱਥ ਵਿੱਚ ਫੜੀ ਲੋਹੇ ਦੀ ਪਾਈਪ ਨਾਲ ਹਵਾਲਾਤੀ ਜਰਮਨਜੀਤ ਸਿੰਘ ਦੇ ਸਿਰ ’ਤੇ ਵਾਰ ਕਰ ਦਿੱਤਾ।
ਇਸ ਦੌਰਾਨ ਜਤਿੰਦਰਪਾਲ ਨੇ ਲੋਹੇ ਦੀ ਪਾਈਪ ਚੁੱਕ ਕੇ ਜਰਮਨਜੀਤ ਸਿੰਘ ਦੀ ਲੱਤ ’ਤੇ ਦੇ ਮਾਰੀ ਅਤੇ ਸਾਥੀ ਲਖਵੀਰ ਸਿੰਘ ’ਤੇ ਵੀ ਤੇਜ਼ਧਾਰ ਚਮਚੇ ਨਾਲ ਹਮਲਾ ਕਰ ਦਿੱਤਾ। ਆਪਣਾ ਬਚਾਅ ਕਰਦੇ ਹੋਏ ਹਵਾਲਾਤੀ ਜਰਮਨਜੀਤ ਸਿੰਘ ਦੀ ਉਂਗਲੀ ਵੀ ਵੱਢੀ ਗਈ। ਮੁਲਜ਼ਮ ਰਾਮਪਾਲ ਨੇ ਜਰਮਨਜੀਤ ਸਿੰਘ ਨੂੰ ਡੰਡਾ ਚੁੱਕ ਕੇ ਮਾਰਿਆ ਅਤੇ ਉਸ ਦੇ ਨਾਲ ਮਾਰਕੁੱਟ ਵੀ ਕੀਤੀ। ਦੂਜੇ ਪਾਸੇ ਜਰਮਨਜੀਤ ਸਿੰਘ ਦੇ ਗਿਰੋਹ ਦੇ ਸਾਥੀਆਂ ਨੇ ਜਤਿੰਦਰਪਾਲ ਸਿੰਘ ਅਤੇ ਉਸ ਦੇ ਸਾਥੀਆਂ ਦੀ ਵੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ।
ਇਹ ਵੀ ਪੜ੍ਹੋ : ਵੱਡੀ ਖ਼ਬਰ, ਧਰਨੇ ‘ਤੇ ਬੈਠੇ ਸ਼ਿਵ ਸੇਨਾ ਨੇਤਾ ਸੁਧੀਰ ਸੂਰੀ ਦਾ ਸ਼ਰੇਆਮ ਗੋਲੀ ਮਾਰ ਕੇ ਕਤਲ
ਮਾਮਲੇ ਦੀ ਜਾਂਚ ਕਰ ਰਹੇ ਥਾਣਾ ਤ੍ਰਿਪੜੀ ਦੇ ਏਐਸਆਈ ਹਰਵਿੰਦਰ ਸਿੰਘ ਨੇ ਦੱਸਿਆ ਕਿ ਹਮਲੇ ਵਿੱਚ ਗੈਂਗਸਟਰ ਜਤਿੰਦਰਪਾਲ ਸਿੰਘ ਅਤੇ ਹਵਾਲਾਤੀ ਜਰਨਜੀਤ ਸਿੰਘ ਦੇ ਸਿਰ ਅਤੇ ਲੱਤਾਂ ਵਿੱਚ ਗੰਭੀਰ ਸੱਟਾਂ ਲੱਗੀਆਂ ਹਨ। ਦੋਵੇਂ ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚ ਦਾਖਲ ਹਨ।
ਪੁਲਿਸ ਨੇ ਗੈਂਗਸਟਰ ਹਵਾਲਾਤੀ ਜਤਿੰਦਰਪਾਲ ਸਿੰਘ ਵਾਸੀ ਪਿੰਡ ਖਾਂਸੀਆਂ (ਪਟਿਆਲਾ) ਅਤੇ ਉਸ ਦੇ ਗੈਂਗ ਦੇ ਸਾਥੀਆਂ ਹਵਾਲਾਤੀ ਪਵਨ ਕੁਮਾਰ, ਹਵਾਲਾਤੀ ਰਾਮਪਾਲ ਵਾਸੀ ਲਲਹੋਟੀ ਖਾਨਪੁਰ ਖੁਲ ਜ਼ਿਲ੍ਹਾ ਰੋਪੜ, ਕੈਦੀ ਲਖਵਿੰਦਰ ਸਿੰਘ ਵਾਸੀ ਕੁਰਾਲੀ ਅਤੇ ਹਵਾਲਾਤੀ ਜਰਮਨਜੀਤ ਸਿੰਘ ਅਤੇ ਉਸ ਦੇ ਗੈਂਗ ਦੇ ਸਾਥੀਆਂ ਹਵਾਲਾਤੀ ਜਗਦੀਸ਼ਪੁਰ ਵਾਸੀ ਏ. ਕਰਮਾ ਸਿੰਘ ਵਾਸੀ ਤਖ਼ਤਗੜ੍ਹ ਜ਼ਿਲ੍ਹਾ ਰੋਪੜ, ਅਸ਼ੋਕ ਕੁਮਾਰ ਵਾਸੀ ਗੜ੍ਹਬਾਗ, ਬਲਜੀਤ ਸਿੰਘ ਵਾਸੀ ਨੂਰਪੁਰ ਬੇਦੀ ਰੋਪੜ, ਸੂਰਤ ਸਿੰਘ ਵਾਸੀ ਮੁਹੱਤਮਗੜ੍ਹ ਜ਼ਿਲ੍ਹਾ ਫਾਜ਼ਿਲਕਾ ਖ਼ਿਲਾਫ਼ ਕਰਾਸ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਮੁਤਾਬਕ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: