ਹਰਿਆਣਾ ਪੁਲਿਸ ਨੇ ਕਰੀਬ 100 ਕਰੋੜ ਦੀ ਸਾਈਬਰ ਧੋਖਾਧੜੀ ਦਾ ਵੱਡਾ ਖੁਲਾਸਾ ਕੀਤਾ ਹੈ। ਹਰਿਆਣਾ ਪੁਲਿਸ ਨੇ ਨੂਹ ਵਿਚ ਸਾਈਬਰ ਧੋਖਾਧੜੀ ਕਰਨ ਵਾਲਿਆਂ ਦੇ ਟਿਕਾਣਿਆਂ ‘ਤੇ ਇਕੋ ਸਮੇਂ ਛਾਪੇਮਾਰੀ ਕਰਕੇ ਲਗਭਗ 28,000 ਮਾਮਲਿਆਂ ਦਾ ਪਤਾ ਲਗਾਇਆ ਹੈ। ਪੁਲਿਸ ਮੁਤਾਬਕ ਧੋਖੇਬਾਜ਼ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਆਫਰ ਦੇ ਕੇ ਜਾਅਲੀ ਸਿਮ, ਆਧਾਰ ਕਾਰਡ ਰਾਹੀਂ ਆਪਣੇ ਜਾਲ ‘ਚ ਫਸਾ ਲੈਂਦੇ ਸੀ। ਉਹ ਠੱਗੀ ਦੀ ਰਕਮ ਫਰਜ਼ੀ ਬੈਂਕ ਖਾਤਿਆਂ ‘ਚ ਟਰਾਂਸਫਰ ਕਰ ਦਿੰਦੇ ਸਨ ਤਾਂ ਜੋ ਪੁਲਿਸ ਉਨ੍ਹਾਂ ਤੱਕ ਨਾ ਪਹੁੰਚ ਸਕੇ।
ਇਸ ਸਬੰਧੀ ਥਾਣਾ ਨੂਹ ਦੇ SP ਵਰੁਣ ਸਿੰਗਲਾ ਨੇ ਦੱਸਿਆ ਕਿ 27-28 ਅਪ੍ਰੈਲ ਦੀ ਰਾਤ ਨੂੰ 5 ਹਜ਼ਾਰ ਪੁਲਿਸ ਮੁਲਾਜ਼ਮਾਂ ਦੀਆਂ 102 ਟੀਮਾਂ ਨੇ ਨਾਲੋ ਨਾਲ ਨੂਹ ਦੇ 14 ਪਿੰਡਾਂ ਵਿੱਚ ਛਾਪੇਮਾਰੀ ਕੀਤੀ। ਇਸ ਦੌਰਾਨ 125 ਦੇ ਕਰੀਬ ਸ਼ੱਕੀ ਹੈਕਰਾਂ ਨੂੰ ਹਿਰਾਸਤ ‘ਚ ਲਿਆ ਗਿਆ। ਇਨ੍ਹਾਂ ਵਿੱਚੋਂ 66 ਮੁਲਜ਼ਮਾਂ ਦੀ ਪਛਾਣ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਸਾਰਿਆਂ ਨੂੰ ਅਦਾਲਤ ‘ਚ ਪੇਸ਼ ਕਰਕੇ 7 ਤੋਂ 11 ਦਿਨਾਂ ਦੇ ਰਿਮਾਂਡ ‘ਤੇ ਲਿਆ ਗਿਆ। ਇਸ ਗਰੋਹ ਨੇ ਹਰਿਆਣਾ ਤੋਂ ਲੈ ਕੇ ਰਾਸ਼ਟਰੀ ਰਾਜਧਾਨੀ ਦਿੱਲੀ ਅਤੇ ਯੂਪੀ ਤੋਂ ਲੈ ਕੇ ਅੰਡੇਮਾਨ ਨਿਕੋਬਾਰ ਤੱਕ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਹੈ।
ਹਰਿਆਣਾ ਦੇ DGP ਪ੍ਰਸ਼ਾਂਤ ਕੁਮਾਰ ਅਗਰਵਾਲ ਨੇ ਇਨ੍ਹਾਂ ਸਾਈਬਰ ਅਪਰਾਧੀਆਂ ਤੋਂ ਪੁੱਛਗਿੱਛ ਕਰਨ ਲਈ ਪੂਰੇ ਹਰਿਆਣਾ ਦੇ 40 ਸਾਈਬਰ ਮਾਹਿਰਾਂ ਦੀ ਟੀਮ ਬਣਾਈ ਹੈ। ਛਾਪੇਮਾਰੀ ਦੌਰਾਨ ਜ਼ਬਤ ਕੀਤੇ ਗਏ ਮੋਬਾਈਲਾਂ ਅਤੇ ਸਿਮ ਕਾਰਡਾਂ ਦੀ ਵੀ ਤਕਨੀਕੀ ਜਾਂਚ ਕੀਤੀ ਗਈ ਅਤੇ ਟੀਐਸਪੀ, ਆਈਐਸਪੀ, ਬੈਂਕ, ਐਨਪੀਸੀਆਈ, ਯੂਪੀਆਈ ਇੰਟਰਮੀਡੀਅਰੀਜ਼, ਯੂਆਈਡੀਏਆਈ, ਡੀਓਟੀ, ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ, ਵਟਸਐਪ, ਓਐਲਐਕਸ ਆਦਿ ਬਾਰੇ ਵੀ ਜਾਣਕਾਰੀ ਮੰਗੀ ਗਈ। ਠੱਗ ਇਨ੍ਹਾਂ ਪਲੇਟਫਾਰਮਾਂ ‘ਤੇ ਆਕਰਸ਼ਕ ਆਫਰ ਦੇ ਕੇ ਲੋਕਾਂ ਨੂੰ ਆਪਣੇ ਜਾਲ ‘ਚ ਫਸਾ ਲੈਂਦੇ ਸਨ।
ਜਾਂਚ ਵਿੱਚ ਨਿੱਜੀ ਅਤੇ ਜਨਤਕ ਖੇਤਰ ਦੇ ਬੈਂਕਾਂ ਦੇ 219 ਖਾਤਿਆਂ ਅਤੇ 140 UPI ਖਾਤਿਆਂ ਬਾਰੇ ਵੀ ਜਾਣਕਾਰੀ ਸਾਹਮਣੇ ਆਈ ਹੈ, ਜਿਨ੍ਹਾਂ ਦੀ ਵਰਤੋਂ ਸਾਈਬਰ ਧੋਖਾਧੜੀ ਕਰਨ ਲਈ ਕੀਤੀ ਜਾ ਰਹੀ ਸੀ। ਇਹ ਬੈਂਕ ਖਾਤੇ ਮੁੱਖ ਤੌਰ ‘ਤੇ ਔਨਲਾਈਨ ਸਰਗਰਮ ਪਾਏ ਗਏ ਸਨ। ਲੋਕਾਂ ਨੂੰ ਨੌਕਰੀ ਦਿਵਾਉਣ ਦੇ ਬਹਾਨੇ ਅਤੇ ਫਿਰ ਆਧਾਰ ਕਾਰਡ, ਪੈਨ ਕਾਰਡ, ਮੋਬਾਈਲ ਨੰਬਰ ਅਤੇ ਆਨਲਾਈਨ ਕੇਵਾਈਸੀ ਕਰਵਾ ਕੇ ਠੱਗੀ ਮਾਰੀ ਜਾ ਰਹੀ ਸੀ।
ਇਸ ਤੋਂ ਇਲਾਵਾ ਟੈਲੀਕਾਮ ਕੰਪਨੀਆਂ ਦੇ ਹਰਿਆਣਾ, ਪੱਛਮੀ ਬੰਗਾਲ, ਅਸਾਮ, ਰਾਜਸਥਾਨ, ਉੱਤਰ ਪ੍ਰਦੇਸ਼, ਬਿਹਾਰ, ਉੜੀਸਾ, ਮੱਧ ਪ੍ਰਦੇਸ਼, ਦਿੱਲੀ, ਤਾਮਿਲਨਾਡੂ, ਪੰਜਾਬ, ਉੱਤਰ ਪੂਰਬ, ਆਂਧਰਾ ਪ੍ਰਦੇਸ਼ ਅਤੇ ਕਰਨਾਟਕ ਸਰਕਲਾਂ ਤੋਂ ਐਕਟੀਵੇਟ ਕੀਤੇ 347 ਸਿਮ ਕਾਰਡ ਵੀ ਫੜੇ ਗਏ ਹਨ। ਇਹ ਠੱਗ ਇਸ ਨੂੰ ਸਾਈਬਰ ਕ੍ਰਾਈਮ ਲਈ ਵਰਤ ਰਹੇ ਸਨ। ਜਾਂਚ ਦੌਰਾਨ ਫਰਜ਼ੀ ਸਿਮ ਅਤੇ ਬੈਂਕ ਖਾਤਿਆਂ ਦਾ ਸਰੋਤ ਮੁੱਖ ਤੌਰ ‘ਤੇ ਰਾਜਸਥਾਨ ਦੇ ਭਰਤਪੁਰ ਜ਼ਿਲ੍ਹੇ ਨਾਲ ਜੁੜਿਆ ਪਾਇਆ ਗਿਆ ਹੈ।
ਇਹ ਵੀ ਪੜ੍ਹੋ : ਵਿਸ਼ਵ ਚੈਂਪੀਅਨਸ਼ਿਪ-ਏਸ਼ੀਅਨ ਖੇਡਾਂ ‘ਚ ਪਹਿਲਵਾਨਾਂ ਦੀ ਇਕ ਟੀਮ, ਅਗਲੇ ਮਹੀਨੇ ਹੋਵੇਗਾ ਟਰਾਇਲ
250 ਲੋੜੀਂਦੇ ਸਾਈਬਰ ਅਪਰਾਧੀਆਂ ਦੀ ਵੀ ਪਛਾਣ ਕੀਤੀ ਗਈ ਹੈ, ਜਿਨ੍ਹਾਂ ਵਿੱਚੋਂ 20 ਰਾਜਸਥਾਨ, 19 ਉੱਤਰ ਪ੍ਰਦੇਸ਼ ਅਤੇ 211 ਹਰਿਆਣਾ ਦੇ ਹਨ, ਜੋ ਕਿ ਨੂਹ ਜ਼ਿਲ੍ਹੇ ਵਿੱਚ ਦਰਜ 16 ਮਾਮਲਿਆਂ ਵਿੱਚ ਫੜੇ ਗਏ ਸਾਈਬਰ ਅਪਰਾਧੀਆਂ ਦੇ ਸਹਿ-ਦੋਸ਼ੀ ਵਜੋਂ ਕੰਮ ਕਰ ਰਹੇ ਹਨ। ਸਾਈਬਰ ਅਪਰਾਧੀਆਂ, ਜਿਨ੍ਹਾਂ ਦੀ ਉਮਰ 18-35 ਸਾਲ ਹੈ, ਨੇ ਖੁਲਾਸਾ ਕੀਤਾ ਕਿ ਉਹ ਆਮ ਤੌਰ ‘ਤੇ 3-4 ਵਿਅਕਤੀਆਂ ਦੇ ਸਮੂਹਾਂ ਵਿੱਚ ਕੰਮ ਕਰਦੇ ਸਨ। ਸਾਈਬਰ ਅਪਰਾਧੀ ਮੁੱਖ ਤੌਰ ‘ਤੇ ਨਕਦੀ ਕਢਵਾਉਣ ਲਈ ਸਾਂਝੇ ਸੇਵਾ ਕੇਂਦਰਾਂ ਦੀ ਵਰਤੋਂ ਕਰਦੇ ਸਨ, ਜਦੋਂ ਕਿ ਕੁਝ ਹੋਰ ਇਸ ਲਈ ਵੱਖ-ਵੱਖ ਪਿੰਡਾਂ ਵਿੱਚ ਸਥਾਪਤ ATM ਦੀ ਵਰਤੋਂ ਕਰਦੇ ਸਨ।
ਇਸ ਪੂਰੇ ਮਾਮਲੇ ਵਿੱਚ ਕੇਂਦਰੀ ਗ੍ਰਹਿ ਮੰਤਰਾਲੇ ਦੇ ਭਾਰਤੀ ਸਾਈਬਰ ਕ੍ਰਾਈਮ ਕੋਆਰਡੀਨੇਸ਼ਨ ਸੈਂਟਰ ਦੀ ਵੀ ਮਦਦ ਲਈ ਗਈ ਸੀ। ਜਿਸ ਤੋਂ ਬਾਅਦ ਬਰਾਮਦ ਹੋਏ ਮੋਬਾਈਲ ਸਿਮ ਦੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਸਾਈਬਰ ਠੱਗਾਂ ਨੇ ਹੁਣ ਤੱਕ ਦੇਸ਼ ਭਰ ਦੇ 35 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਕਰੀਬ 28 ਹਜ਼ਾਰ ਲੋਕਾਂ ਤੋਂ 100 ਕਰੋੜ ਰੁਪਏ ਤੋਂ ਵੱਧ ਦੀ ਠੱਗੀ ਮਾਰੀ ਹੈ। ਦੇਸ਼ ਭਰ ਵਿੱਚ ਇਨ੍ਹਾਂ ਸਾਈਬਰ ਧੋਖਾਧੜੀ ਕਰਨ ਵਾਲਿਆਂ ਖ਼ਿਲਾਫ਼ ਪਹਿਲਾਂ ਹੀ 1346 ਕੇਸ ਦਰਜ ਕੀਤੀਆਂ ਜਾ ਚੁੱਕੀਆਂ ਹਨ।
ਵੀਡੀਓ ਲਈ ਕਲਿੱਕ ਕਰੋ -: