Baby eyes care tips: ਨਵਜੰਮੇ ਬੱਚੇ ਦੀ ਦੇਖਭਾਲ ਕਰਦੇ ਸਮੇਂ ਮਾਤਾ-ਪਿਤਾ ਨੂੰ ਕਈ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈ। ਇੱਕ ਛੋਟੀ ਜਿਹੀ ਗਲਤੀ ਬੱਚੇ ਲਈ ਕਈ ਸਮੱਸਿਆਵਾਂ ਪੈਦਾ ਕਰ ਸਕਦੀ ਹੈ। ਕਈ ਵਾਰ ਅਸੀਂ ਦੇਖਦੇ ਹਾਂ ਕਿ ਜਦੋਂ ਬੱਚੇ ਸੌ ਕੇ ਉੱਠਦੇ ਹਨ ਤਾਂ ਉਹ ਆਪਣੀਆਂ ਅੱਖਾਂ ਨਹੀਂ ਖੋਲ੍ਹ ਪਾਉਂਦੇ ਜਾਂ ਉਨ੍ਹਾਂ ਦੀਆਂ ਅੱਖਾਂ ਲਾਲ ਹੋ ਜਾਂਦੀਆਂ ਹਨ। ਇਹ ਇੱਕ ਬਹੁਤ ਹੀ ਆਮ ਸਥਿਤੀ ਹੈ ਜਿਸਨੂੰ ਥੋੜਾ ਧਿਆਨ ਦੇ ਕੇ ਅਤੇ ਸਫਾਈ ਦਾ ਧਿਆਨ ਰੱਖ ਕੇ ਹੱਲ ਕੀਤਾ ਜਾ ਸਕਦਾ ਹੈ।
ਅਜਿਹਾ ਕਿਉਂ ਹੁੰਦਾ: ਅੱਖਾਂ ਉੱਤੇ ਇੱਕ ਪਤਲਾ ਢੱਕਣ ਹੁੰਦਾ ਹੈ ਜਿਸ ਨੂੰ ਕੰਨਜਕਟਿਵਾ ਕਿਹਾ ਜਾਂਦਾ ਹੈ। ਇਸ ‘ਚ ਇੰਫੈਕਸ਼ਨ ਹੋਣ ਕਾਰਨ ਅੱਖਾਂ ਲਾਲ ਹੋ ਕੇ ਸੁੱਕ ਜਾਂਦੀਆਂ ਹਨ। ਇਹ ਕਿਸੇ ਵੀ ਉਮਰ ਵਰਗ ਦੇ ਬੱਚਿਆਂ ‘ਚ ਹੋ ਸਕਦਾ ਹੈ। ਇਸੇ ਤਰ੍ਹਾਂ ਅੱਖਾਂ ਦਾ ਚਿਪਕਣਾ, ਜਨਮ ਤੋਂ ਤੁਰੰਤ ਬਾਅਦ ਜ਼ਿਆਦਾ ਦਿਖਾਈ ਦਿੰਦਾ ਹੈ। ਇਸ ਦਾ ਕਾਰਨ ਜਨਮ ਸਮੇਂ ਅੱਖਾਂ ਨਾਲ ਤਰਲ ਪਦਾਰਥਾਂ ਦਾ ਸੰਪਰਕ ਹੋਣਾ ਹੈ।
ਇਸ ਤਰ੍ਹਾਂ ਕਰੋ ਅੱਖਾਂ ਦੀ ਸਫ਼ਾਈ: ਅੱਖਾਂ ‘ਚ ਇੰਫੈਕਸ਼ਨ ਦੀ ਸਥਿਤੀ ‘ਚ ਪਹਿਲਾਂ ਇਹ ਜਾਂਚ ਕਰੋ ਕਿ ਬੱਚੇ ਦੀ ਅੱਖ ‘ਚ ਧੂੜ ਦੇ ਕਣ ਜਾਂ ਹੋਰ ਕੋਈ ਬਾਹਰੀ ਵਸਤੂ ਜਿਵੇਂ ਵਾਲ ਜਾਂ ਕੂੜਾ ਤਾਂ ਨਹੀਂ ਹੈ। ਉਸ ਤੋਂ ਬਾਅਦ ਕੋਈ ਵੀ ਐਂਟੀਬਾਇਓਟਿਕ ਦਵਾਈ ਦਾ ਘੋਲ ਜਾਂ ਮਲਮ ਅੱਖਾਂ ‘ਚ ਪਾ ਦੇਣਾ ਚਾਹੀਦਾ ਹੈ। ਜੇਕਰ ਅੱਖਾਂ ਦਾ ਚਿਪਕਣਾ ਰੋਜ਼ਾਨਾ ਦਿਖਾਈ ਦਿੰਦਾ ਹੈ ਤਾਂ ਬੱਚੇ ਦੇ ਉੱਠਣ ਤੋਂ ਬਾਅਦ ਅੱਖਾਂ ਨੂੰ ਕੋਸੇ ਪਾਣੀ ਨਾਲ ਧੋਣਾ ਚਾਹੀਦਾ ਹੈ। ਇੱਕ ਸਾਫ਼ ਰੂੰ ਦੀ ਗੇਂਦ ਨੂੰ ਪਾਣੀ ‘ਚ ਭਿਓ ਕੇ ਅੰਦਰੋਂ ਬਾਹਰੋਂ ਅੱਖਾਂ ਪੂੰਝੋ, ਪੂੰਝਣ ਦੀ ਦਿਸ਼ਾ ਹਮੇਸ਼ਾ ਅੰਦਰ ਤੋਂ ਬਾਹਰ ਵੱਲ ਹੋਣੀ ਚਾਹੀਦੀ ਹੈ ਤਾਂ ਜੋ ਇਹ ਦੂਸ਼ਿਤ ਪਾਣੀ ਦੂਜੀ ਅੱਖ ‘ਚ ਨਾ ਜਾ ਸਕੇ।
ਬੱਚੇ ‘ਚ ਅੱਖਾਂ ਚਿਪਕਣ ਦੇ ਲੱਛਣ
- ਸੌ ਕੇ ਉੱਠਣ ਵੇਲੇ ਅੱਖਾਂ ਖੋਲ੍ਹਣ ‘ਚ ਮੁਸ਼ਕਲ ਹੋਣਾ
- ਅੱਖਾਂ ਦੇ ਆਲੇ ਦੁਆਲੇ ਪੀਲੇ ਜਾਂ ਚਿੱਟੇ ਰੰਗ ਤਰਲ ਪਦਾਰਥ ਦਿਖਾਈ ਦੇਣਾ।
- ਅੱਖਾਂ ਦੇ ਆਲੇ-ਦੁਆਲੇ ਜਾਂ ਹੇਠਾਂ ਹਲਕੀ ਲਾਲੀ ਅਤੇ ਸੋਜ।
- ਕਈ ਵਾਰ ਅੱਖਾਂ ਦੇ ਆਲੇ-ਦੁਆਲੇ ਹਰਾ ਪਾਣੀ ਆ ਜਾਂਦਾ ਹੈ।
- ਬੱਚਿਆਂ ਨੂੰ ਅੱਖਾਂ ‘ਚ ਜਲਣ ਅਤੇ ਖਾਜ ਹੋਣੀ ਅਤੇ ਇਸ ਕਾਰਨ ਬੱਚਾ ਰੋ ਵੀ ਸਕਦਾ ਹੈ।
ਨਾ ਵਰਤੋਂ ਲਾਪਰਵਾਹੀ: ਇਸੇ ਤਰ੍ਹਾਂ ਜੇਕਰ ਸਿਰਫ਼ ਇੱਕ ਅੱਖ ਚਿਪਕਦੀ ਹੈ ਤਾਂ ਬੱਚੇ ਨੂੰ ਉਸ ਅੱਖ ਦੇ ਪਾਸੇ ਹੀ ਸੌਣਾ ਚਾਹੀਦਾ ਹੈ ਤਾਂ ਜੋ ਉਸ ‘ਚੋਂ ਨਿਕਲਣ ਵਾਲਾ ਰਸ ਦੂਜੀ ਅੱਖ ‘ਚ ਨਾ ਜਾਵੇ। ਉਪਰੋਕਤ ਉਪਾਅ ਕਰਨ ਤੋਂ ਬਾਅਦ ਵੀ ਜੇਕਰ ਇਹ ਸਮੱਸਿਆ ਬਣੀ ਰਹਿੰਦੀ ਹੈ ਤਾਂ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ ਕਿਉਂਕਿ ਲਾਪਰਵਾਹੀ ਨਾਲ ਅੱਖਾਂ ਦੀ ਰੋਸ਼ਨੀ ਕਮਜ਼ੋਰ ਹੋਣ ਦਾ ਡਰ ਰਹਿੰਦਾ ਹੈ।