Kids 5 Summer Foods: ਗਰਮੀਆਂ ਦੇ ਮੌਸਮ ‘ਚ ਖਾਣ-ਪੀਣ ਦੀਆਂ ਗਲਤ ਆਦਤਾਂ ਸਾਡੀ ਸਿਹਤ ਨੂੰ ਬਹੁਤ ਨੁਕਸਾਨ ਪਹੁੰਚਾ ਸਕਦੀਆਂ ਹਨ ਪਰ ਕੁਝ ਅਜਿਹੇ ਫੂਡਜ਼ ਹਨ ਜੋ ਤੁਹਾਡੇ ਬੱਚੇ ਦੀ ਇਮਿਊਨਿਟੀ ਹਾਈ ਰੱਖਣ ਦੇ ਨਾਲ-ਨਾਲ ਤੁਹਾਡੀ ਪਾਚਨ ਕਿਰਿਆ ਨੂੰ ਠੀਕ ਰੱਖਣ ਦੇ ਨਾਲ-ਨਾਲ ਐਨਰਜ਼ੀ ਲੈਵਲ ਨੂੰ ਵੀ ਠੀਕ ਰੱਖਣ ‘ਚ ਮਦਦ ਕਰ ਸਕਦੇ ਹਨ। ਆਓ ਗੱਲ ਕਰੀਏ ਗਰਮੀਆਂ ਦੇ ਪੰਜ ਫੂਡਜ਼ ਬਾਰੇ ਜੋ ਤੁਹਾਡੇ ਬੱਚਿਆਂ ਦੀ ਸਿਹਤ ਲਈ ਬਹੁਤ ਵਧੀਆ ਹਨ।
ਬੇਲ: ਬੇਲ ਵਿਟਾਮਿਨ ਏ, ਸੀ, ਅਤੇ ਬੀ ਕੰਪਲੈਕਸ, ਖਣਿਜ, ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਦਾ ਇੱਕ ਚੰਗਾ ਸਰੋਤ ਹੈ। ਇਹ ਆਪਣੇ ਗੁਣਾਂ ਦੇ ਕਾਰਨ ਪਾਚਨ ਨਾਲ ਜੁੜੀਆਂ ਸਾਰੀਆਂ ਸਮੱਸਿਆਵਾਂ ਲਈ ਇੱਕ ਵਧੀਆ ਫਲ ਹੈ। ਬੱਚੇ ਦੀ ਗਰਮੀਆਂ ਦੀ ਡਾਇਟ ‘ਚ ਬੇਲ ਫਲ ਨੂੰ ਸ਼ਾਮਲ ਕਰਨਾ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਫਲ ਦੀ ਵਰਤੋਂ ਜੂਸ ਦੇ ਰੂਪ ‘ਚ ਜ਼ਿਆਦਾ ਕੀਤੀ ਜਾਂਦੀ ਹੈ ਅਤੇ ਇਸ ਨੂੰ ਆਮ ਤੌਰ ‘ਤੇ ਵੀ ਖਾਧਾ ਜਾ ਸਕਦਾ ਹੈ।
ਦਹੀਂ: ਦਹੀਂ ਸਰੀਰ ਨੂੰ ਅੰਦਰੋਂ ਠੰਡਾ ਰੱਖਦਾ ਹੈ ਅਤੇ ਬੱਚੇ ਦੀ ਸਿਹਤ ਲਈ ਪ੍ਰੋਬਾਇਓਟਿਕਸ ਦਾ ਵਧੀਆ ਸਰੋਤ ਹੈ। ਕੈਲਸ਼ੀਅਮ, ਫਾਸਫੋਰਸ ਅਤੇ ਪ੍ਰੋਟੀਨ ਨਾਲ ਭਰਪੂਰ ਹੋਣ ਕਾਰਨ ਇਹ ਹੱਡੀਆਂ ਅਤੇ ਦੰਦਾਂ ਨੂੰ ਮਜ਼ਬੂਤ ਅਤੇ ਸਮੁੱਚੇ ਵਿਕਾਸ ‘ਚ ਮਦਦ ਕਰਦਾ ਹੈ। ਦਹੀਂ ‘ਚ ਅਜਿਹੇ ਰਸਾਇਣਕ ਤੱਤ ਹੁੰਦੇ ਹਨ ਜਿਸ ਕਾਰਨ ਇਹ ਦੁੱਧ ਨਾਲੋਂ ਜਲਦੀ ਪਚ ਜਾਂਦਾ ਹੈ।
ਜੌਂ: ਇਹ ਗਰਮੀਆਂ ‘ਚ ਸਰੀਰ ਲਈ ਬਹੁਤ ਵਧੀਆ ਅਨਾਜ ਹੈ। ਇਹ ਭੋਜਨ ਫਾਈਬਰ, ਫਾਸਫੋਰਸ, ਕਾਪਰ, ਫੋਲੇਟ, ਸੇਲੇਨਿਅਮ ਅਤੇ ਮੈਗਨੀਸ਼ੀਅਮ ਦਾ ਵੀ ਭਰਪੂਰ ਸਰੋਤ ਹੈ। ਇਸ ‘ਚ ਮੌਜੂਦ ਫਾਈਬਰ ਅੰਤੜੀਆਂ ‘ਚ ਸਿਹਤਮੰਦ ਬੈਕਟੀਰੀਆ ਦੇ ਵਿਕਾਸ ਨੂੰ ਉਤਸ਼ਾਹਿਤ ਕਰਦਾ ਹੈ। ਜੌਂ ਦਾ ਪਾਣੀ ਗਰਮੀਆਂ ‘ਚ ਸਰੀਰ ਨੂੰ ਠੰਡਾ ਰੱਖਣ ‘ਚ ਮਦਦ ਕਰਦਾ ਹੈ।
ਲੌਕੀ: ਲੌਕੀ ਵਿਟਾਮਿਨ ਸੀ, ਏ, ਫੋਲੇਟ, ਕੈਲਸ਼ੀਅਮ ਅਤੇ ਮੈਗਨੀਸ਼ੀਅਮ ਵਰਗੇ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੇ ਹਨ। ਇਹ ਬੱਚਿਆਂ ‘ਚ ਪਾਚਨ ਸੰਬੰਧੀ ਸਮੱਸਿਆਵਾਂ ਨੂੰ ਘੱਟ ਕਰਨ ‘ਚ ਮਦਦ ਕਰਦਾ ਹੈ। ਛੋਟੇ ਬੱਚਿਆਂ ਨੂੰ ਲੌਕੀ ਦੇਣ ਦੇ ਵੱਖ-ਵੱਖ ਰੂਪ ਹੋ ਸਕਦੇ ਹਨ ਜਿਵੇਂ ਕਿ ਸੂਪ, ਰਾਈਤਾ, ਖੀਰ, ਰੋਟੀ ਜਾਂ ਚੀਲੇ ‘ਚ ਭਰਿਆ ਹੋਇਆ ਅਤੇ ਕਰੀ। ਇਸਨੂੰ ਸਬਜ਼ੀ ਦੇ ਰੂਪ ‘ਚ ਪਕਾਇਆ ਅਤੇ ਖਾਧਾ ਜਾਂਦਾ ਹੈ।
ਨਾਰੀਅਲ ਪਾਣੀ: ਨਾਰੀਅਲ ਪਾਣੀ ਇਲੈਕਟਰੋਲਾਈਟਸ ਅਤੇ ਪੋਟਾਸ਼ੀਅਮ ਦਾ ਬਹੁਤ ਵੱਡਾ ਸਰੋਤ ਹੈ। ਇਸ ਤਰ੍ਹਾਂ ਇਹ ਡੀਹਾਈਡਰੇਸ਼ਨ ਨੂੰ ਰੋਕਦਾ ਹੈ ਅਤੇ ਗਰਮੀਆਂ ‘ਚ ਸਰੀਰ ਨੂੰ ਪੋਸ਼ਣ ਦਿੰਦਾ ਹੈ। ਇਸ ਦੇ ਸਵਾਦ ਨੂੰ ਹਲਕਾ ਮੋੜ ਦੇਣ ਲਈ ਇਸ ‘ਚ ਨਿੰਬੂ ਜਾਂ ਪੁਦੀਨੇ ਦੇ ਪੱਤੇ ਦੀ ਵਰਤੋਂ ਕੀਤੀ ਜਾ ਸਕਦੀ ਹੈ।